ਚੰਡੀਗੜ੍ਹ – ਨਿਦਾ ਫਾਜ਼ਲੀ ਦਾ ਇਕ ਸ਼ੇਅਰ, ‘‘ਦੁਸ਼ਮਣੀ ਲਾਖ ਸਹੀ ਖਤਮ ਨਾ ਕੀਜੇ ਰਿਸ਼ਤਾ, ਦਿਲ ਮਿਲੇ ਯਾ ਨਾ ਮਿਲੇ ਹੱਥ ਮਿਲਾਤੇ ਰਹੋ।’’ ਇਹ ਸ਼ੇਅਰ ਇਕ ਉਮਰ ਤੋਂ ਬਾਅਦ ਵੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨਾਲ ਹਾਲ ਹੀ ’ਚ ਜੱਫੀ ਪਾ ਕੇ ਗਰਮਜੋਸ਼ੀ ਨਾਲ ਗਲੇ ਮਿਲਣ ’ਤੇ ਢੁੱਕਵਾਂ ਬੈਠਦਾ ਹੈ। ਪੰਜਾਬ ਦੇ ਲੋਕਾਂ ਨੇ ਹਾਲ ਹੀ ’ਚ ਜਦੋਂ ਇਹ ਚਮਤਕਾਰ ਵੇਖਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਦੋਨਾਂ ਨੇਤਾਵਾਂ ’ਚ ਜਿੰਨੀ ਕੁੜੱਤਣ ਸੀ, ਖਾਸ ਕਰ ਕੇ ਸਿੱਧੂ ਵੱਲੋਂ ਮਜੀਠੀਆ ’ਤੇ ਕੀਤੀਆਂ ਗਈਆਂ ਟਿੱਪਣੀਆਂ ਨਾਲ ਜੋ ਖਟਾਸ ਪੈਦਾ ਹੋਈ ਸੀ, ਉਸ ਤੋਂ ਬਾਅਦ ਕਿਸੇ ਨੂੰ ਉਮੀਦ ਨਹੀਂ ਸੀ ਕਿ ਇਨ੍ਹਾਂ ਦੇ ਰਿਸ਼ਤੇ ਕਦੇ ਸੁਧਰ ਵੀ ਸਕਦੇ ਹਨ। ਅਕਾਲੀ ਦਲ ਵੱਲੋਂ ਤਾਂ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੇ ਸਿੱਧੂ ਨੂੰ ਨਿਸ਼ਾਨੇ ’ਤੇ ਲੈ ਲਿਆ ਹੈ। ਕਾਂਗਰਸ ’ਚ ਮੰਤਰੀ ਅਤੇ ਪ੍ਰਧਾਨ ਰਹਿੰਦੇ ਸਿੱਧੂ ਨੇ ਮਜੀਠੀਆ ’ਤੇ ਨਿੱਜੀ ਹਮਲੇ ਕਰਨ ’ਚ ਕੋਈ ਕਸਰ ਨਹੀਂ ਛੱਡੀ ਸੀ। ਦੋਵਾਂ ਵਿਚਕਾਰ ਰਾਜਨੀਤਕ ਰੰਜਿਸ਼ ਇਥੋਂ ਤੱਕ ਪਹੁੰਚ ਗਈ ਸੀ ਕਿ ਮਜੀਠੀਆ ਨੇ ਆਪਣਾ ਮਜੀਠਾ ਹਲਕਾ ਛੱਡ ਸਿੱਧੂ ਖਿਲਾਫ ਵਿਧਾਨ ਸਭਾ ਚੋਣ ਲੜੀ ਸੀ।
ਪਾਕਿ ਆਰਮੀ ਚੀਫ ਨੂੰ ਵੀ ਸਿੱਧੂ ਨੇ ਪਾਈ ਸੀ ਜੱਫੀ
ਇਹ ਪਹਿਲਾ ਮੌਕਾ ਨਹੀਂ, ਜਦੋਂ ਸਿੱਧੂ ਦੀ ‘ਜੱਫੀ’ ਨਾਲ ਬਵਾਲ ਹੋਇਆ ਹੋਵੇ। ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ’ਚ ਉੱਥੋਂ ਦੇ ਫੌਜ ਪ੍ਰਮੁੱਖ ਕਮਰ ਜਾਵੇਦ ਬਾਜਵਾ ਨਾਲ ਮੰਚ ’ਤੇ ਉਨ੍ਹਾਂ ਦੀ ਜੱਫੀ ਦੇ ਵੀਡੀਓ ਨੇ ਵੀ ਕਾਫ਼ੀ ਵਿਵਾਦ ਖੜ੍ਹਾ ਕੀਤਾ ਸੀ। ਵਿਰੋਧੀ ਦਲਾਂ ਤੋਂ ਇਲਾਵਾ ਕਾਂਗਰਸ ਦੇ ਵੀ ਕਈ ਨੇਤਾਵਾਂ ਨੇ ਤੱਦ ਉਨ੍ਹਾਂ ’ਤੇ ਨਿਸ਼ਾਨਾ ਸਾਧਿਆ ਸੀ।
ਬਿੱਟੂ ਬੋਲੇ, ਸਮਰਥਕਾਂ ਅਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਤੋੜਿਆ
ਹੁਣ ਇਨ੍ਹਾਂ ਦੋਨਾਂ ਨੇਤਾਵਾਂ ਦੀ ‘ਜਾਦੂ ਕੀ ਜੱਫੀ’ ’ਤੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਂਸਦ ਰਵਨੀਤ ਬਿੱਟੂ ਨੇ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਸਿੱਧੂ ਦੀ ਇਸ ਜੱਫੀ ਨਾਲ ਕਾਂਗਰਸ ਵਰਕਰਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਮਜੀਠੀਆ ਦੇ ਚੱਕਰ ’ਚ ਹੀ ਸਿੱਧੂ ਨੇ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਮਾਰ ਦਿੱਤੀ। ਬਿੱਟੂ ਇੱਥੋਂ ਤੱਕ ਕਹਿ ਗਏ ‘ਕਾਂਗਰਸ ’ਚ ਆਉਂਦੇ ਹੀ ਪਹਿਲਾਂ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਮੰਤਰੀ ਅਤੇ ਫਿਰ ਪ੍ਰਦੇਸ਼ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਦੇ ਕਹਿਣ ’ਤੇ ਏ. ਜੀ. ਹਟਾਇਆ, ਡੀ. ਜੀ. ਪੀ. ਹਟਾਇਆ ਪਰ ਨਤੀਜਾ ਕੀ ਨਿਕਲਿਆ। ਮਜੀਠੀਆ ਖਿਲਾਫ ਬਿਆਨਬਾਜ਼ੀ ਕਰ-ਕਰ ਕੇ ਪਿੰਡ-ਪਿੰਡ ’ਚ ਕਾਂਗਰਸ ਵਰਕਰਾਂ ਨੂੰ ਅਕਾਲੀਆਂ ਖਿਲਾਫ ਫਸਾਇਆ ਪਰ ਹੁਣ ਉਸੇ ਮਜੀਠੀਆ ਨਾਲ ਗਲੇ ਮਿਲ ਕੇ ਉਨ੍ਹਾਂ ਨੇ ਆਪਣੇ ਸਮਰਥਕਾਂ ਅਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਤੋੜ ਦਿੱਤਾ।’