ਚੰਡੀਗੜ੍ਹ – ਪੰਜਾਬ ਦੇ ਸੈਰ-ਸਪਾਟੇ ਦੇ ਇਛੁੱਕ ਸੈਲਾਨੀਆਂ ਨੂੰ ਹੁਣ ਹੋਟਲ, ਟੈਕਸੀ, ਖਾਣ-ਪੀਣ, ਟੂਰਿਸਟ ਗਾਈਡ ਵਰਗੀਆਂ ਸਹੂਲਤਾਂ ਲਈ ਸਿਰ-ਖਪਾਈ ਨਹੀਂ ਕਰਨੀ ਪਵੇਗੀ। ਸੈਲਾਨੀਆਂ ਨੂੰ ਇਹ ਸੁਵਿਧਾਵਾਂ ਪੰਜਾਬ ਟੂਰਿਜ਼ਮ ਵਿਭਾਗ ਦੇ ਜ਼ਰੀਏ ਹੀ ਉਪਲੱਬਧ ਹੋ ਜਾਣਗੀਆਂ। ਇਹ ਸਭ ਸੰਭਵ ਹੋਵੇਗਾ, ਸਿੰਗਲ ਸਟਾਪ ਸ਼ਾਪ ਦੇ ਜ਼ਰੀਏ। ਦਰਅਸਲ, ਪੰਜਾਬ ਸੈਰ-ਸਪਾਟਾ ਵਿਭਾਗ ਅਜਿਹਾ ਆਨਲਾਈਨ ਸਿਸਟਮ ਤਿਆਰ ਕਰਨ ਦੀ ਕੋਸ਼ਿਸ਼ ’ਚ ਹੈ, ਜਿਸ ਲਈ ਸੈਲਾਨੀ ਪੰਜਾਬ ਸੈਰ-ਸਪਾਟਾ ਵਿਭਾਗ ਦੀ ਵੈੱਬਸਾਈਟ ਅਤੇ ਮੋਬਾਇਲ ਐਪਲੀਕੇਸ਼ਨ ’ਤੇ ਹੀ ਇਨ੍ਹਾਂ ਸਾਰੀਆਂ ਸਹੂਲਤਾਂ ਨੂੰ ਇਕ ਹੀ ਜਗ੍ਹਾ ’ਤੇ ਪ੍ਰਾਪਤ ਕਰ ਸਕਣ। ਇਸ ਵੈੱਬਸਾਈਟ ਅਤੇ ਮੋਬਾਇਲ ਐਪ ’ਤੇ ਸਾਰੀਆਂ ਸੇਵਾ ਪ੍ਰਦਾਤਾਵਾਂ ਮਤਲਬ ਸਰਵਿਸ ਪ੍ਰੋਵਾਈਡਰਜ਼ ਨੂੰ ਆਪਣੀਆਂ ਜਾਣਕਾਰੀਆਂ ਨੂੰ ਅਪਲੋਡ ਕਰਨ ਦੀ ਸਹੂਲਤ ਦਿੱਤੀ ਜਾਵੇਗੀ ਤਾਂਕਿ ਸੈਲਾਨੀ ਆਪਣੀ ਪਸੰਦ ਦੇ ਹਿਸਾਬ ਨਾਲ ਸੇਵਾਵਾਂ ਦੀ ਚੋਣ ਕਰ ਸਕਣ। ਖਾਸ ਗੱਲ ਇਹ ਰਹੇਗੀ ਕਿ ਪੰਜਾਬ ’ਚ ਹੋਣ ਵਾਲੇ ਵੱਡੇ ਸਮਾਗਮਾਂ ਦੀ ਆਨਲਾਈਨ ਟਿਕਟ ਬੁਕਿੰਗ ਸਹੂਲਤ ਵੀ ਇਸ ਪਲੇਟਫਾਰਮ ’ਤੇ ਉਪਲੱਬਧ ਰਹੇਗੀ। ਜੇਕਰ ਸੁਵਿਧਾ ਪ੍ਰਦਾਤਾ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਕਰਦਾ ਹੈ ਤਾਂ ਕੋਈ ਵੀ ਸੈਲਾਨੀ ਵੈੱਬਸਾਈਟ ਜਾਂ ਮੋਬਾਇਲ ਐਪਲੀਕੇਸ਼ਨ ’ਤੇ ਹੀ ਸ਼ਿਕਾਇਤ ਵੀ ਦਰਜ ਕਰਵਾ ਸਕਣਗੇ।
ਅਨਮੋਲ ਗਗਨ ਮਾਨ ਨੇ ਤਿਆਰ ਕਰਵਾਇਆ ਟੂਰਿਜ਼ਮ ਪ੍ਰੋਮੋਸ਼ਨ ਦਾ ਡਿਟੇਲ ਪਲਾਨ
ਸੈਲਾਨੀਆਂ ਨੂੰ ਸਹੂਲਤ ਦੇਣ ਤੋਂ ਇਲਾਵਾ ਪੰਜਾਬ ਟੂਰਿਜ਼ਮ ਵਿਭਾਗ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦੇ ਟੂਰਿਜ਼ਮ ਪ੍ਰੋਮੋਸ਼ਨ ਨੂੰ ਲੈ ਕੇ ਵੀ ਪਹਿਲ ਕੀਤੀ ਹੈ ਤਾਂਕਿ ਪ੍ਰਦੇਸ਼ ’ਚ ਜ਼ਿਆਦਾ ਤੋਂ ਜ਼ਿਆਦਾ ਸੈਲਾਨੀਆਂ ਦੀ ਆਵਾਜਾਈ ਹੋ ਸਕੇ। ਹਾਲ ਹੀ ’ਚ ਹੋਈ ਵਿਭਾਗੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਸਪੱਸ਼ਟ ਤੌਰ ’ਤੇ ਟੂਰਿਜ਼ਮ ਪ੍ਰੋਮੋਸ਼ਨ ਨੂੰ ਲੈ ਕੇ ਇਕ ਵਿਸਥਾਰਿਤ ਰੂਪ-ਰੇਖਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਮੁਤਾਬਕ ਵਿਭਾਗ ਕੋਲ ਸੈਰ ਨੂੰ ਉਤਸ਼ਾਹਿਤ ਕਰਨ ਲਈ ਬਜਟ ਤਾਂ ਹੈ ਪਰ ਕੋਈ ਵਿਸਥਾਰਿਤ ਰੂਪ ਰੇਖਾ ਨਹੀਂ ਹੈ। ਇਸ ਲਈ ਅਜਿਹਾ ਡਿਟੇਲ ਪਲਾਨ ਤਿਆਰ ਕੀਤਾ ਜਾਵੇ, ਜਿਸ ਨੂੰ ਅਮਲੀਜ਼ਾਮਾ ਪਹਿਨਾਉਂਦੇ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਕੜੀ ’ਚ ਵਿਭਾਗ ਦੇ ਪੱਧਰ ’ਤੇ ਇਕ ਕਮਰਸ਼ੀਅਲ ਫ਼ਿਲਮ ਤਿਆਰ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਸੀ ਤਾਂਕਿ ਫ਼ਿਲਮ ਤੋਂ ਪੰਜਾਬ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ ਨੂੰ ਪ੍ਰਚਾਰਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਟ੍ਰੈਵਲ ਬਲਾਗਰਜ਼ ਦੀ ਪਛਾਣ ਕਰ ਕੇ ਵੱਖ-ਵੱਖ ਸਥਾਨਾਂ ਦੇ ਪ੍ਰਚਾਰ ਦੀ ਰਣਨੀਤੀ ਤਿਆਰ ਕਰਨਾ ਵੀ ਸ਼ਾਮਿਲ ਹੈ।