ਲੁਧਿਆਣਾ : ਸਲੇਮ ਟਾਬਰੀ ਸਥਿਤ ਪੀਰੂਬੰਦਾ ਇਲਾਕੇ ਤੋਂ ਨਸ਼ੇ ਦਾ ਵੱਡਾ ਨੈੱਟਵਰਕ ਚਲਾ ਰਹੀ ਮਹਿਲਾ ਸਮੱਗਲਰ ਅਤੇ ਉਸ ਦੇ ਸਾਥੀ ਨੂੰ ਥਾਣਾ ਡਵੀਜ਼ਨ ਨੰ. 8 ਦੇ ਤਹਿਤ ਚੌਕੀ ਕੈਲਾਸ਼ ਨਗਰ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਮਹਿਲਾ ਸੋਨੀਆ ਉਰਫ ਨਾਚੀ ਹੈ, ਜਦੋਂਕਿ ਦੂਜਾ ਮੁਲਜ਼ਮ ਗੌਰਵ ਮੱਕੜ ਉਰਫ ਸੰਨੀ ਉਰਫ ਭੌਂਦੂ ਹੈ। ਦੋਵੇਂ ਮੁਲਜ਼ਮਾਂ ਤੋਂ 14 ਗ੍ਰਾਮ ਹੈਰੋਇਨ, 2.90 ਲੱਖ ਡਰੱਗ ਮਨੀ ਅਤੇ ਹੋਰ ਸਾਮਾਨ ਮਿਲਿਆ ਹੈ। ਮੁਲਜ਼ਮਾਂ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਏ. ਸੀ. ਪੀ ਆਕ੍ਰਿਸ਼ੀ ਜੈਨ ਨੇ ਦੱਸਿਆ ਕਿ ਇੰਸ. ਬਲਵਿੰਦਰ ਕੌਰ ਅਤੇ ਚੌਕੀ ਕੈਲਾਸ਼ ਨਗਰ ਦੇ ਇੰਚਾਰਜ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ।
ਦੌਰਾਨ ਸਭ ਤੋਂ ਪਹਿਲਾਂ ਪੁਲਸ ਨੇ ਗੌਰਵ ਮੱਕੜ ਨੂੰ ਕਾਬੂ ਕੀਤਾ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਅਤੇ ਖਾਲੀ ਲਿਫਾਫੇ ਮਿਲੇ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ’ਤੇ ਕੇਸ ਦਰਜ ਕਰਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਪੀਰੂਬੰਦਾ ਦੀ ਰਹਿਣ ਵਾਲੀ ਸੋਨੀਆ ਤੋਂ ਹੈਰੋਇਨ ਲੈ ਕੇ ਆਇਆ ਸੀ। ਉਹ ਉਸ ਤੋਂ ਹੈਰੋਇਨ ਲਿਆ ਕੇ ਅੱਗੇ ਸਪਲਾਈ ਕਰਦਾ ਹੈ। ਇਸ ਤੋਂ ਬਾਅਦ ਪੁਲਸ ਨੇ ਇਕ ਟੀਮ ਲੈ ਕੇ ਮੁਲਜ਼ਮ ਔਰਤ ਦੇ ਘਰ ਛਾਪਾ ਮਾਰਿਆ, ਜਿਥੇ ਉਸ ਦੇ ਘਰ ਦੇ ਅੰਦਰੋਂ 4 ਗ੍ਰਾਮ ਹੈਰੋਇਨ ਮਿਲੀ ਅਤੇ 2.90 ਲੱਖ ਰੁਪਏ ਡਰੱਗ ਮਨੀ ਮਿਲੀ, ਜੋ ਕਿ ਮੁਲਜ਼ਮ ਮਹਿਲਾ ਨੇ ਨਸ਼ਾ ਪਹਿਲਾਂ ਵੇਚ ਇਕੱਠੀ ਕੀਤੀ ਸੀ।
ਪਤਾ ਲੱਗਾ ਹੈ ਕਿ ਮਹਿਲਾ ਆਦਤਨ ਅਪਰਾਧੀ ਹੈ। ਉਸ ਖ਼ਿਲਾਫ ਲੁੱਟ ਅਤੇ ਨਸ਼ੇ ਦੇ ਕੁੱਲ 10 ਮੁਕੱਦਮੇ ਦਰਜ ਹਨ। ਔਰਤ ਨੇ ਗੌਰਵ ਵਰਗੇ ਸਪਲਾਇਰ ਰੱਖੇ ਹੋਏ ਸਨ, ਜੋ ਕਿ ਉਸ ਤੋਂ ਨਸ਼ਾ ਖਰੀਦ ਕੇ ਅੱਗੇ ਵੇਚਦੇ ਹਨ। ਪੁਲਸ ਦਾ ਮੰਨਣਾ ਹੈ ਕਿ ਮੁਲਜ਼ਮ ਔਰਤ ਤੋਂ ਪੁੱਛਗਿੱਛ ’ਚ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ।