ਨਵੀਂ ਦਿੱਲੀ- ਕੇਂਦਰੀ ਪੈਟਰੋਲੀਅਮ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਦਾ ਬਾਈਕਾਟ ਕਰਨ ਵਾਲਾ ਗੈਂਗ ਅਸਲ ’ਚ ਆਪਣੇ ਹੀ ਨੇਤਾਵਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਰਵਾਇਤਾਂ ਨੂੰ ਤੋੜਨ ਅਤੇ ਉਨ੍ਹਾਂ ਦਾ ਅਪਮਾਨ ਕਰਨ ’ਚ ਲੱਗਾ ਹੋਇਆ ਹੈ। ਹਰਦੀਪ ਪੁਰੀ ਨੇ ਟਵੀਟ ਕਰਕੇ ਕਿਹਾ ਕਿ ਆਜ਼ਾਦੀ ਵੇਲੇ ਵੀ ਹਿੰਦੂ ਰੀਤੀ-ਰਿਵਾਜ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਸੀ। ਸੈਂਗੋਲ ਜਿਸ ਦਾ ਹੁਣ ਉਹ ਅਪਮਾਨ ਕਰ ਰਹੇ ਹਨ, ਨੂੰ ਤਤਕਾਲੀਨ ਪ੍ਰਧਾਨ ਮੰਤਰੀ ਸਵ. ਪੰ. ਜਵਾਹਰ ਲਾਲ ਨਹਿਰੂ ਨੇ ਪੂਰੇ ਹਿੰਦੂ ਰੀਤੀ-ਰਿਵਾਜ ਨਾਲ ਪ੍ਰਾਪਤ ਕੀਤਾ ਸੀ। ਹੁਣ ਇਹੀ ਨੇਤਾ ਨਹਿਰੂ ਦਾ ਵੀ ਅਪਮਾਨ ਕਰਨ ’ਚ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਹੁਣ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਨੇਤਾ ਆਪਣੀਆਂ ਪੁਰਾਣੀ ਰਵਾਇਤਾਂ ਅਤੇ ਅਜ਼ਾਦੀ ਘੁਲਾਟੀਆਂ ਵੱਲ ਜ਼ਰੂਰ ਵੇਖਣ। ਹੁਣ ਪੂਰੇ ਦੇਸ਼ ਵਿਚ ਡਰਾਮਾ ਰਚਿਆ ਜਾ ਰਿਹਾ ਹੈ। ਉਨ੍ਹਾਂ ਯਾਦਗਾਰੀ ਦਿਨਾਂ ਵਿਚ ਹਵਨ ਦਾ ਆਯੋਜਨ ਕੀਤਾ ਗਿਆ ਸੀ ਅਤੇ ਸੈਂਗੋਲ ਨੂੰ ਦਿੱਲੀ ’ਚ ਵਿਸ਼ੇਸ਼ ਹਵਾਈ ਜਹਾਜ਼ ਵਿਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਸੰਸਦ ਦਾ ਉਦਘਾਟਨ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦੇ ਮੌਕੇ ’ਤੇ ਕੀਤਾ ਜਾ ਰਿਹਾ ਹੈ। ਨਵੀਂ ਸੰਸਦ ’ਤੇ ਰੌਲਾ ਪਾਉਣ ਵਾਲੇ ਲੋਕਾਂ ਨੂੰ 1947 ਦੀ ਟਾਈਮ ਮੈਗਜ਼ੀਨ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਇਨ੍ਹਾਂ ਨੇਤਾਵਾਂ ਨੂੰ ਇਸ ਮੈਗਜ਼ੀਨ ਦਾ ਲੇਖ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲੇ ਨੇਤਾ ਅਸਲ ’ਚ ਪੰਡਿਤ ਨਹਿਰੂ ਦਾ ਵੀ ਇਕ ਤਰ੍ਹਾਂ ਵਿਰੋਧ ਕਰ ਰਹੇ ਹਨ।