ਸੋਨੀਪਤ– ਹਰਿਆਣਾ ’ਚ ਸੋਨੀਪਤ ’ਚ ਤੇਜ਼ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ। ਸੋਨੀਪਤ ਦੇ ਰਾਈ ’ਚ ਨੈਸ਼ਨਲ ਹਾਈਵੇਅ-334 ਬੀ ’ਤੇ ਵੀਰਵਾਰ ਤੜਕੇ ਇਕ ਤੇਜ਼ ਰਫ਼ਤਾਰ ਕਾਰ ਦੇ ਬੈਰੀਕੇਡ ਨਾਲ ਟਕਰਾਉਣ ਮਗਰੋਂ ਉਸ ’ਚ ਅੱਗ ਲੱਗ ਗਈ। ਕਾਰ ’ਚ ਸਵਾਰ MBBS ਦੇ 3 ਵਿਦਿਆਰਥੀ ਜ਼ਿੰਦਾ ਸੜ ਗਏ ਅਤੇ ਹੋਰ 3 ਝੁਲਸ ਗਏ ਹਨ।
ਪੁਲਸ ਨੇ ਦੱਸਿਆ ਕਿ MBBS ਤੀਜੇ ਸਾਲ ਦੇ ਵਿਦਿਆਰਥੀ ਪੁਲਕਿਤ, ਨਰਬੀਰ, ਸੰਦੇਸ਼, ਰੋਹਿਤ, ਅੰਕਿਤ ਅਤੇ ਸੋਮਬੀਰ ਰੋਹਤਕ ਤੋਂ ਹਰਿਦੁਆਰ ਲਈ ਨਿਕਲੇ ਸਨ। ਪਿੰਡ ਰਾਈ ਨੇੜੇ ਨੈਸ਼ਨਲ ਹਾਈਵੇਅ-334 ਬੀ ਦੇ ਫਲਾਈਓਵਰ ’ਤੇ ਪੱਥਰ ਦੇ ਬੈਰੀਕੇਡਜ਼ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ, ਜਿਸ ਨਾਲ ਕਾਰ ’ਚ ਅੱਗ ਲੱਗ ਗਈ। ਹਾਦਸੇ ’ਚ ਪੁਲਕਿਤ, ਸੰਦੇਸ਼ ਅਤੇ ਰੋਹਿਤ ਦੀ ਝੁਲਸਣ ਨਾਲ ਮੌਤ ਹੋ ਗਈ। ਪੁਲਸ ਨੇ ਝੁਲਸੇ ਅੰਕਿਤ, ਸੋਮਬੀਰ ਅਤੇ ਨਰਬੀਰ ਨੂੰ ਆਮ ਹਸਪਤਾਲ ’ਚ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਮੁੱਢਲੇ ਇਲਾਜ ਮਗਰੋਂ ਪੀ. ਜੀ. ਆਈ. ਰੋਹਤਕ ਟਰਾਂਸਫਰ ਕਰ ਦਿੱਤਾ ਗਿਆ।