ਚੰਡੀਗੜ੍ਹ : ਸੂਬਾ ਸਰਕਾਰ (Punjab Govt) ਨੇ ਵਿਜਿਲੈਂਸ ਮੁਖੀ ਜੀ ਨਾਗੇਸ਼ਵਰ ਰਾਓ (G Nageshwar Rao) ਦਾ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ 1997 ਬੈਚ ਦੇ ਅਧਿਕਾਰੀ ਸੁਰਿੰਦਰ ਪਾਲ ਸਿੰਘ ਪਰਮਾਰ (SPS Parmar) ਨੂੰ ਵਿਜੀਲੈਂਸ ਦੇ ਮੁਖੀ ਦਾ ਚਾਰਜ ਦਿੱਤਾ ਗਿਆ ਹੈ। 16 ਫਰਵਰੀ ਨੂੰ ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਦੀ ਜਗ੍ਹਾ ਜੀ ਨਾਗੇਸ਼ਵਰ ਰਾਓ ਨੂੰ ਵਿਜੀਲੈਂਸ ਮੁਖੀ ਦਾ ਚਾਰਜ ਦਿੱਤਾ ਗਿਆ ਸੀ। ਹੁਣ ਜੀ ਨਾਗੇਸ਼ਵਰ ਏਡੀਜੀਪੀ ਪ੍ਰੋਵਿਜ਼ਨਿੰਗ ਦੇ ਕੰਮਕਾਜ ਨੂੰ ਦੇਖਣਗੇ। ਤੁਹਾਨੂੰ ਦੱਸ ਦੇਈਏ ਕਿ ਵਿਜੀਲੈਂਸ ਵਿਭਾਗ ਦਾ ਕੰਮਕਾਜ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ‘ਚ ਹੈ। ਇਸ ਤਬਾਦਲੇ ਨਾਲ ਵਿਜੀਲੈਂਸ ਵਿਭਾਗ ‘ਚ ਨਵੀਆਂ ਉਮੀਦਾਂ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਨੇ 40 ਦਿਨ ਪਹਿਲਾਂ ਸਾਬਕਾ ਵਿਜੀਲੈਂਸ ਚੀਫ਼ ਵਰਿੰਦਰ ਕੁਮਾਰ ਨੂੰ ਹਟਾ ਦਿੱਤਾ ਸੀ ਜੋ ਅੱਜ ਵੀ ਹਵਾ ‘ਚ ਹੀ ਲਟਕੇ ਹਨ। ਉਨ੍ਹਾਂ ਨੂੰ ਕੋਈ ਨਵੀਂ ਨਿਯੁਕਤੀ ਨਹੀਂ ਦਿੱਤੀ ਹੈ। ਸਾਬਕਾ ਮੰਤਰੀਆਂ ਜਿਵੇਂ ਕਿ ਭਾਰਤ ਭੂਸ਼ਣ ਆਸ਼ੂ ਤੇ ਸੁੰਦਰ ਸ਼ਿਆਮ ਅਰੋੜਾ ਦੇ ਮਾਮਲਿਆਂ ‘ਚ ਸਰਕਾਰ ਨੂੰ ਜਿਵੇਂ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ, ਉਸ ਕਾਰਨ ਸਰਕਾਰ ਵਿਜੀਲੈਂਸ ਚੀਫ਼ ਤੋਂ ਨਾਰਾਜ਼ ਸੀ ਜਿਸ ਕਾਰਨ ਉਨ੍ਹਾਂ ਨੂੰ ਹਟਾਇਆ ਗਿਆ।
ਨਵੇਂ ਵਿਜੀਲੈਂਸ ਚੀਫ਼ ਜੀ ਨਾਗੇਸ਼ਵਰ ਰਾਓ ਵੀ ਇਸ ਅਹੁਦੇ ‘ਤੇ ਜ਼ਿਆਦਾ ਸਮਾਂ ਨਹੀਂ ਟਿਕ ਸਕੇ। ਹੁਣ ਉਨ੍ਹਾਂ ਦੀ ਜਗ੍ਹਾ ਐਸਪੀਐਸ ਪਰਮਾਰ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੀ ਐਸਆਈਟੀ ਦੇ ਮੁਖੀ ਵੀ ਰਹੇ ਹਨ।