ਅੰਮ੍ਰਿਤਪਾਲ ਸਿੰਘ ਕੇਸ ’ਚ ਪੁਲਸ ਵਲੋਂ ਅਦਾਲਤ ’ਚ ਚਲਾਨ ਪੇਸ਼


ਬਾਬਾ ਬਕਾਲਾ ਸਾਹਿਬ- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕੇਸ ਵਿਚ ਥਾਣਾ ਖਿਲਚੀਆਂ ਦੀ ਪੁਲਸ ਨੇ ਅੰਮ੍ਰਿਤਪਾਲ ਦੇ ਸਾਥੀਆਂ ਖਿਲਾਫ਼ ਮਾਣਯੋਗ ਇਲਾਕਾ ਮੈਜਿਸਟ੍ਰੇਟ ਬਿਕਰਮਦੀਪ ਸਿੰਘ ਦੀ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਹੈ, ਜਿਸ ਦੀ ਅਗਲੀ ਤਾਰੀਖ਼ ਪੇਸ਼ੀ 29 ਮਈ ਨੂੰ ਹੋਵੇਗੀ, ਜਿਸ ਵਿਚ ਨਾਮਜ਼ਦ ਹੋਰਾਂ ਦੀ ਪੇਸ਼ੀ ਤੋਂ ਬਾਅਦ ਗਵਾਹੀਆਂ ਸ਼ੁਰੂ ਹੋਣਗੀਆਂ। ਇਸ ਕੇਸ ਵਿਚ ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ ਅਤੇ ਪਪਲਪ੍ਰੀਤ ਸਿੰਘ ਐੱਨ. ਐੱਸ. ਏ. ਅਧੀਨ ਡਿਬਰੂਗੜ ਜੇਲ੍ਹ ਆਸਾਮ ’ਚ ਹੋਣ ਕਰਕੇ ਉਨ੍ਹਾਂ ਦਾ ਚਲਾਨ ਪੇਸ਼ ਨਹੀਂ ਹੋ ਸਕਿਆ। ਇਹ ਚਲਾਨ ਥਾਣਾ ਖਿਲਚੀਆਂ ਵਿਚ ਦਰਜ 26 ਨੰਬਰ ਐੱਫ. ਆਈ. ਆਰ. ਮਾਮਲੇ ਵਿਚ ਪੇਸ਼ ਕੀਤਾ ਗਿਆ ਹੈ। ਐੱਫ. ਆਈ. ਆਰ. ਵਿਚ ਆਖਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਕਾਫਲੇ ਨੂੰ ਜਦੋਂ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਪੁਲਸ ਨੂੰ ਸਹਿਯੋਗ ਦੇਣ ਦੀ ਬਜਾਏ ਕਾਫਲਾ ਭਜਾ ਲਿਆ ਤੇ ਪੁਲਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਕੁੱਲ 12 ਵਿਅਕਤੀਆਂ ਖ਼ਿਲਾਫ਼ ਚਾਲਾਨ ਪੇਸ਼ ਕੀਤਾ ਗਿਆ ਹੈ।

ਦਰਸ਼ਨ ਸਿੰਘ, ਜੱਗੀ ਜਗਮੋਹਨ ਸਿੰਘ, ਸੰਧੂ ਡਰਾਈਵਰ, ਪੰਮਾ ਬਾਜਾਖਾਨਾ ਦੇ ਐਡਰੈੱਸ ਪੂਰੇ ਨਾ ਹੋਣ ਕਰਕੇ ਅਤੇ ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਦਾ ਹਵਾਲਾ ਵੀ ਦਿੱਤਾ ਗਿਆ ਹੈ। ਚਲਾਨ ਦੇ ਖਾਨਾ ਨੰ. 2 ’ਚ ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ, ਪਪਲਪ੍ਰੀਤ ਸਿੰਘ, ਦਰਸ਼ਨ ਸਿੰਘ, ਜੱਗੀ ਜਗਮੋਹਨ ਸਿੰਘ, ਸੰਧੂ ਡਰਾਈਵਰ, ਪੰਮਾ ਬਾਜਾਖਾਨਾ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ ਦੇ ਨਾਮ ਰੱਖੇ ਗਏ ਹਨ, ਜਿਨਾਂ ਵਿਰੁੱਧ ਚਲਾਨ ਨਹੀਂ ਪੇਸ਼ ਹੋਇਆ।

Leave a Reply

Your email address will not be published. Required fields are marked *