ਗੁਰਦਾਸਪੁਰ – ਬੀਤੇ ਦਿਨ ਗੁਰਦਾਸਪੁਰ ਸਥਿਤ ਪਾਵਰਕਾਮ ਦੇ ਐੱਸ.ਈ. ਦਫ਼ਤਰ ’ਚ ਅਚਾਨਕ 7.30 ਵਜੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਛਾਪਾ ਮਾਰਿਆ। ਇਸ ਛਾਪਾਮਾਰੀ ਦੌਰਾਨ ਭਾਵੇਂ ਸਾਰੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਪਾਏ ਗਏ ਪਰ ਕੁਝ ਸਮੇਂ ਲਈ ਕਰਮਚਾਰੀਆਂ ’ਚ ਹਲਚਲ ਜ਼ਰੂਰ ਪੈਦਾ ਹੋ ਗਈ। ਇਸ ਦੌਰਾਨ ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਦਫ਼ਤਰ ’ਚ ਬੈਠ ਕੇ ਸਾਰੇ ਕਰਮਚਾਰੀਆਂ ਦੀ ਹਾਜ਼ਰੀ ਰਜਿਸਟਰ ’ਤੇ ਚੈੱਕ ਕੀਤੀ ਗਈ। ਜਦਕਿ ਦਫ਼ਤਰ ’ਚ ਕੰਮ ਕਰਵਾਉਣ ਦੇ ਲਈ ਆਏ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ । ਇਸ ਤੋਂ ਬਾਅਦ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਗੁਰਦਾਸਪੁਰ ਸਥਿਤ ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਝੋਨੇ ਦੇ ਸੀਜ਼ਨ ਦੌਰਾਨ ਪਾਵਰਕਾਮ ਵੱਲੋਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬੀਤੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਤੋਂ ਵੀ ਵੱਧ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਗਈ ਸੀ ਅਤੇ ਇਸ ਸੀਜ਼ਨ ਦੌਰਾਨ ਵੀ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਇਸ ਲਈ ਪਾਵਰਕਾਮ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਬਿਜਲੀ ਮੰਤਰੀ ਈ.ਟੀ.ਓ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੂਬੇ ਭਰ ‘ਚ ਪਾਵਰਕਾਮ ਦੇ ਦਫ਼ਤਰਾਂ ‘ਚ ਜਾ ਕੇ ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਰੀਵਿਊ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਬੀਤੇ ਦਿਨ ਉਨ੍ਹਾਂ ਵੱਲੋਂ ਗੁਰਦਾਸਪੁਰ ਸਥਿਤ ਪਾਵਰਕਾਮ ਦੇ ਐੱਸ.ਈ. ਦਫ਼ਤਰ ਦਾ ਦੌਰਾ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ 10 ਜੂਨ ਤੋਂ ਪਹਿਲਾਂ-ਪਹਿਲਾਂ ਸਾਰੀਆਂ ਬਿਜਲੀ ਲਾਈਨਾਂ ਨੂੰ ਚੈੱਕ ਕਰ ਲੈਣ ਅਤੇ ਜੇਕਰ ਕਿਤੇ ਮੁਰੰਮਤ ਜਾਂ ਸੁਧਾਰ ਦੀ ਲੋੜ ਹੈ ਤਾਂ ਉਸ ਨੂੰ ਸਮਾਂ ਰਹਿੰਦਿਆਂ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਟਰਾਂਸਫ਼ਾਰਮਰ ‘ਤੇ ਲੋਡ ਜ਼ਿਆਦਾ ਹੈ ਜਾਂ ਕੋਈ ਹੋਰ ਬਿਜਲੀ ਸਾਜ਼ੋ-ਸਮਾਨ ਲੋੜੀਂਦਾ ਹੈ ਤਾਂ ਉਨ੍ਹਾਂ ਦਾ ਵੀ ਹੁਣ ਤੋਂ ਹੀ ਹੱਲ ਕੀਤਾ ਜਾਵੇ ਤਾਂ ਜੋ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਸਪਲਾਈ ‘ਚ ਵਿਘਨ ਨਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰਮੀ ਦੇ ਸੀਜ਼ਨ ਦੌਰਾਨ ਸਾਰੇ ਖ਼ਪਤਕਾਰਾਂ ਅਤੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਨੇ ਪਾਵਰਕਾਮ ਦਫ਼ਤਰ ‘ਚ ਪਹੁੰਚ ਕੇ ਅਧਿਕਾਰੀਆਂ ਤੇ ਸਟਾਫ਼ ਦੀ ਹਾਜ਼ਰੀ ਵੀ ਚੈੱਕ ਕੀਤੀ। ਇਸ ਦੌਰਾਨ ਸਾਰੇ ਅਧਿਕਾਰੀ ਤੇ ਕਰਮਚਾਰੀ ਦਫ਼ਤਰ ਵਿੱਚ ਆਪਣੀ ਡਿਊਟੀ ’ਤੇ ਹਾਜ਼ਰ ਸਨ ਅਤੇ ਲੋਕ ਵੀ ਦਫ਼ਤਰ ਵਿੱਚ ਸਵੇਰੇ ਕੰਮ ਕਰਾਉਣ ਲਈ ਪਹੁੰਚੇ ਹੋਏ ਸਨ। ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 2:00 ਵਜੇ ਤੱਕ ਕਰਨ ਨਾਲ ਜਿਥੇ ਆਮ ਲੋਕਾਂ ਨੂੰ ਸਹੂਲਤ ਮਿਲੀ ਹੈ ਉੱਥੇ ਇਸ ਨਾਲ ਬਿਜਲੀ ਦੀ ਬਚਤ ਵੀ ਹੋ ਰਹੀ ਹੈ।