ਸੜਕਾਂ ਤੋਂ ਹਟਾਈਆਂ ਜਾਣਗੀਆਂ ਪੁਰਾਣੀਆਂ ਡੀਜ਼ਲ ਬੱਸਾਂ, ਜਾਣੋ ਪ੍ਰਸ਼ਾਸਨ ਦੀ ਨਵੀਂ ਯੋਜਨਾ


ਚੰਡੀਗੜ੍ਹ- ਯੂ. ਟੀ. ਪ੍ਰਸ਼ਾਸਨ ਨੂੰ ਇਲੈਕਟ੍ਰਿਕ ਬੱਸਾਂ ਲਈ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਪ੍ਰਸ਼ਾਸਨ ਨੇ 100 ਹੋਰ ਇਲੈਕਟ੍ਰਿਕ ਬੱਸਾਂ ਹਾਇਰ ਕਰਨ ਦਾ ਫ਼ੈਸਲਾ ਲਿਆ ਹੈ। ਟ੍ਰਾਂਸਪੋਰਟ ਵਿਭਾਗ ਦੀ ਬੈਠਕ ਵਿਚ ਬੱਸਾਂ ਨੂੰ ਖ਼ਰੀਦਣ ਦੀ ਹਰੀ ਝੰਡੀ ਮਿਲ ਗਈ ਹੈ। ਨਵੀਆਂ ਈ-ਬੱਸਾਂ ਨੂੰ ਖ਼ਰੀਦਣ ਦੇ ਨਾਲ ਹੀ ਪੁਰਾਣੀਆਂ ਡੀਜ਼ਲ ਬੱਸਾਂ ਨੂੰ ਸੜਕ ਤੋਂ ਹਟਾ ਦਿੱਤਾ ਜਾਵੇਗਾ ਕਿਉਂਕਿ ਇਹ ਸਾਰੀਆਂ 100 ਬੱਸਾਂ ਸਿਰਫ਼ ਪੁਰਾਣੇ ਰੂਟ ’ਤੇ ਹੀ ਚਲਾਈਆਂ ਜਾਣਗੀਆਂ। ਇਸ ਵਿਚ ਨਵੇਂ ਰੂਟ ਸ਼ਾਮਲ ਨਹੀਂ ਕੀਤੇ ਜਾਣਗੇ।
ਟ੍ਰਾਂਸਪੋਰਟ ਵਿਭਾਗ ਦੇ ਨਿਰਦੇਸ਼ਕ ਪ੍ਰਦੁਮਨ ਨੇ ਦੱਸਿਆ ਕਿ ਲੋਕਲ ਰੂਟ ਲਈ 100 ਇਲੈਕਟ੍ਰਿਕ ਬੱਸਾਂ ਖ਼ਰੀਦਣ ਜਾ ਰਹੇ ਹਾਂ, ਜਿਸ ਨੂੰ ਸ਼ੁੱਕਰਵਾਰ ਵਿਭਾਗ ਦੀ ਬੈਠਕ ਵਿਚ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਨਵੀਆਂ ਈ-ਬੱਸਾਂ ਨੂੰ ਪੁਰਾਣੀਆਂ ਡੀਜ਼ਲ ਬੱਸਾਂ ਦੀ ਜਗ੍ਹਾ ਚਲਾਇਆ ਜਾਵੇਗਾ। ਦੱਸਣਯੋਗ ਹੈ ਕਿ ਕਈ ਡੀਜ਼ਲ ਬੱਸਾਂ 14 ਸਾਲ ਅਤੇ ਇਸ ਤੋਂ ਵੀ ਜ਼ਿਆਦਾ ਪੁਰਾਣੀਆਂ ਹੋ ਚੁੱਕੀਆਂ ਹਨ। ਵਿਭਾਗ ਅਜਿਹੀਆਂ ਪੁਰਾਣੀਆਂ ਡੀਜ਼ਲ ਬੱਸਾਂ ਨੂੰ ਸੜਕ ਤੋਂ ਹਟਾ ਦੇਵੇਗਾ। ਉਨ੍ਹਾਂ ਦੀ ਜਗ੍ਹਾ ਸਾਰੇ ਪੁਰਾਣੇ ਰੂਟਾਂ ’ਤੇ ਨਵੀਆਂ ਈ-ਬੱਸਾਂ ਚਲਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਵਿਭਾਗ ਨੇ 80 ਇਲੈਕਟ੍ਰਿਕ ਬੱਸਾਂ ਹਾਇਰ ਕਰਨ ਦਾ ਫ਼ੈਸਲਾ ਲਿਆ ਸੀ ਪਰ ਹੁਣ ਪ੍ਰਸ਼ਾਸਨ ਨੇ ਕੁੱਲ 100 ਈ-ਬੱਸਾਂ ਹਾਇਰ ਕਰਨ ਲਈ ਕਿਹਾ ਹੈ।

ਵਿਭਾਗ ਕੋਲ ਫੇਮ ਇੰਡੀਆ ਸਕੀਮ ਤਹਿਤ ਫ਼ਿਲਹਾਲ ਕੁੱਲ 80 ਇਲੈਕਟ੍ਰਿਕ ਬੱਸਾਂ ਹਨ, ਜਿਨ੍ਹਾਂ ਵਿਚੋਂ ਲਗਭਗ ਸਾਰੀਆਂ ਨੂੰ ਰੂਟ ’ਤੇ ਉਤਾਰ ਦਿੱਤਾ ਗਿਆ ਹੈ। ਇਨ੍ਹਾਂ ਬੱਸਾਂ ਨੂੰ ਸ਼ਹਿਰ ਦੇ ਵੱਖ-ਵੱਖ ਏਰੀਆ ਵਿਚ ਐਕਸਪ੍ਰੈੱਸ ਰੂਟ ’ਤੇ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਲੋਕਾਂ ਨੂੰ ਬੱਸਾਂ ਲਈ 10 ਮਿੰਟ ਤੋਂ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਹੈ। ਵਿਭਾਗ ਇਨ੍ਹਾਂ ਬੱਸਾਂ ਨੂੰ ਵੀ ਕਿਲੋਮੀਟਰ ਬੇਸਿਜ਼ ’ਤੇ ਹਾਇਰ ਕਰੇਗਾ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ 40 ਬੱਸਾਂ ਹਾਇਰ ਕਰਨ ਲਈ ਵਾਲਵੋ ਆਇਸ਼ਰ ਨੂੰ 44.99 ਰੁਪਏ ਪ੍ਰਤੀ ਕਿਲੋਮੀਟਰ ਦੇ ਰੇਟ ’ਤੇ ਕੰਮ ਅਲਾਟ ਕੀਤਾ ਸੀ, ਜਦੋਂ ਕਿ ਪਹਿਲੀ ਵਾਰ ਇਲੈਕਟ੍ਰਿਕ ਬੱਸਾਂ 60 ਰੁਪਏ ਪ੍ਰਤੀ ਕਿਲੋਮੀਟਰ ਦੇ ਖ਼ਰਚ ’ਤੇ ਹਾਇਰ ਕੀਤੀਆਂ ਗਈਆਂ ਸਨ। ਇਹ ਕੰਮ ਅਸ਼ੋਕ ਲੇਲੈਂਡ ਨੂੰ ਅਲਾਟ ਕੀਤਾ ਗਿਆ ਸੀ।

Leave a Reply

Your email address will not be published. Required fields are marked *