ਖਰਗੋਨ – ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ‘ਚ ਮੰਗਲਵਾਰ ਸਵੇਰੇ ਇਕ ਯਾਤਰੀ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ ‘ਚ 3 ਬੱਚਿਆਂ ਸਮੇਤ 22 ਯਾਤਰੀਆਂ ਦੀ ਮੌਤ ਹੋ ਗਈ। ਉੱਥੇ ਹੀ ਲਗਭਗ 2 ਦਰਜਨ ਲੋਕ ਜ਼ਖ਼ਮੀ ਹਨ। ਖਰਗੋਨ ਸਬ ਡਿਵੀਜਨਲ ਅਧਿਕਾਰੀ ਪੁਲਸ ਰਾਕੇਸ਼ ਮੋਹਨ ਸ਼ੁਕਲਾ ਨੇ ਦੱਸਿਆ ਕਿ ਇੰਦੌਰ ਜਾ ਰਹੀ ਬੱਸ ਸਵੇਰੇ ਲਗਭਗ 9.15 ਵਜੇ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 34 ਕਿਲੋਮੀਟਰ ਦੂਰ ਡੋਂਗਰਗਾਂਵ ਨੇੜੇ ਬੇਰਾੜ ਨਦੀ ਦੇ ਪੁਲ ਦੀ ਰੇਲਿੰਗ ਤੋੜ ਕੇ ਹੇਠਾਂ ਡਿੱਗ ਗਈ। ਨਦੀ ‘ਚ ਪਾਣੀ ਨਹੀਂ ਸੀ। ਹਾਦਸੇ ‘ਚ 3 ਬੱਚਿਆਂ ਅਤੇ 6 ਔਰਤਾਂ ਸਮੇਤ 22 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 24 ਹੋਰ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਪਿੰਡ ਵਾਸੀਆਂ ਨੇ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਈ ਯਾਤਰੀਆਂ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਨਾਗਰਿਕਾਂ ਨੇ ਆਪਣੇ-ਆਪਣੇ ਵਾਹਨਾਂ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜ਼ਿਲ੍ਹਾ ਕਲੈਕਟਰ ਸ਼ਿਵਰਾਜ ਸਿੰਘ ਵਰਮਾ ਅਤੇ ਪੁਲਸ ਸੁਪਰਡੈਂਟ ਡੀ.ਐੱਸ. ਯਾਦਵ ਸਮੇਤ ਹੋਰ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਪਹੁੰਚ ਚੁੱਕੇ ਹਨ। ਮੱਧ ਪ੍ਰਦੇਸ਼ ਸਰਕਾਰ ਨੇ ਖਰਗੋਨ ਬੱਸ ਹਾਦਸੇ ‘ਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ, ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਅਤੇ ਮਾਮੂਲੀ ਰੂਪ ਨਾਲ ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।