ਚੰਡੀਗੜ੍ਹ,ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਓਲੰਪੀਅਨ ਕੌਰ ਸਿੰਘ ਜੋ 74 ਵਰ੍ਹਿਆਂ ਦੇ ਸਨ, ਦਾ ਹੱਲ ਕੁਰੂਕਸ਼ੇਤਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
ਉਸ ਦੇ ਤੁਰ ਜਾਣ ਨਾਲ ਭਾਰਤੀ ਖੇਡ ਖੇਤਰ ਖ਼ਾਸ ਕਰ ਕੇ ਮੁੱਕੇਬਾਜ਼ੀ ਖੇਡ ਲਈ ਵੱਡਾ ਘਾਟਾ ਪਿਆ ਹੈ। ਪਦਮ ਸ੍ਰੀ ਤੇ ਅਰਜੁਨਾ ਐਵਾਰਡ ਜੇਤੂ ਕੌਰ ਸਿੰਘ ਨੇ ਪੰਜਾਬ ਤੇ ਦੇਸ਼ ਦਾ ਨਾਮ ਕੌਮਾਂਤਰੀ ਮੰਚ ਉੱਤੇ ਰੌਸ਼ਨ ਕੀਤਾ ਹੈ। ਕੌਰ ਸਿੰਘ ਨੇ 1982 ਦੀਆਂ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ ਅਤੇ ਕਿੰਗਜ਼ ਕੱਪ ਵਿੱਚ ਵੀ ਗੋਲਡ ਮੈਡਲ ਜਿੱਤਿਆ।1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।ਮੁਹੰਮਦ ਅਲੀ ਨਾਲ ਇਤਿਹਾਸਕ ਮੈਚ ਖੇਡਿਆ। ਭਾਰਤੀ ਸੈਨਾ ਤੇ ਪੰਜਾਬ ਪੁਲਿਸ ਵਿੱਚ ਲੰਬਾ ਸਮਾਂ ਸੇਵਾ ਕੀਤੀ। ਪੰਜਾਬ ਸਰਕਾਰ ਇਸ ਵਿੱਦਿਅਕ ਸੈਸ਼ਨ ਤੋਂ ਇਸ ਮਾਣਮੱਤੇ ਮੁੱਕੇਬਾਜ਼ ਦੀ ਜੀਵਨੀ ਸਕੂਲੀ ਸਿਲੇਬਸ ਦਾ ਹਿੱਸਾ ਬਣਾਏਗੀ।
ਸੰਗਰੂਰ ਜ਼ਿਲ੍ਹੇ ਦੇ ਪਿੰਡ ਖਨਾਲ ਖੁਰਦ ਤੋਂ ਉੱਠ ਕੇ ਕੌਰ ਸਿੰਘ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਵਿਸ਼ਵ ਪੱਧਰ ਉੱਤੇ ਨਾਮਣਾ ਖੱਟਿਆ।