ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਜਨਤਾ ਦੇ ਹੱਕ ‘ਚ ਲਏ ਅਹਿਮ ਫੈਸਲੇ,ਖੇਤ ਕਾਮਿਆਂ ਨੂੰ 10 ਫੀਸਦੀ ਮੁਆਵਜ਼ਾ ਦੇਣ ਦਾ ਐਲਾਨ


ਲੁਧਿਆਣਾ : ਕਿਰਤੀ ਵਰਗ ਨੂੰ ਮਜ਼ਦੂਰ ਦਿਹਾੜੇ (ਇਕ ਮਈ) ਦਾ ਤੋਹਫ਼ਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਜ਼ਾਰਤ ਨੇ ਕੁਦਰਤੀ ਆਫਤਾਂ ਨਾਲ ਨੁਕਸਾਨੀ ਫਸਲ ਲਈ ਦਿੱਤੇ ਜਾਂਦੇ ਕੁੱਲ ਮੁਆਵਜ਼ੇ ਉਤੇ 10 ਫੀਸਦੀ ਮੁਆਵਜ਼ਾ ਰਾਸ਼ੀ ਖੇਤ ਕਾਮਿਆਂ ਨੂੰ ਦੇਣ ਦਾ ਐਲਾਨ ਕੀਤਾ ਹੈ।

ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਵਿਸਥਾਰ ਵਿਚ ਦੱਸਿਆ ਕਿ ਇਸ ਵੱਡੇ ਉਪਰਾਲੇ ਦਾ ਉਦੇਸ਼ ਖੇਤ ਕਾਮਿਆਂ ਦੀ ਸਹਾਇਤਾ ਕਰਨਾ ਹੈ ਜੋ ਅਜਿਹੇ ਮੁਆਵਜ਼ੇ ਤੋਂ ਵਿਰਵੇ ਜਾਂਦੇ ਹਨ ਜਦਕਿ ਕੁਦਰਤੀ ਮਾਰ ਦਾ ਸਾਹਮਣਾ ਉਨ੍ਹਾਂ ਨੂੰ ਵੀ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰਾਂ ਨੂੰ ਵੀ ਕੁਦਰਤੀ ਆਫਤਾਂ ਕਾਰਨ ਕੰਮ ਦੇ ਹੁੰਦੇ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਆਉਂਦੇ ਇਕ ਮਈ ਨੂੰ ਮਜ਼ਦੂਰ ਦਿਵਸ ਮੌਕੇ ਸੂਬਾ ਸਰਕਾਰ ਦੀ ਇਹ ਸੌਗਾਤ ਸਮੁੱਚੇ ਕਿਰਤੀ ਵਰਗ ਲਈ ਹੈ ਜੋ ਫਸਲਾਂ ਪਾਲਣ ਲਈ ਖੇਤਾਂ ਵਿਚ ਆਪਣਾ ਖੂਨ-ਪਸੀਨਾ ਵਹਾਉਂਦੇ ਹਨ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਵਿਆਪਕ ਪੱਧਰ ਉਤੇ ਰਜਿਸਟ੍ਰੇਸ਼ਨ ਸ਼ੁਰੂ ਕਰੇਗੀ ਤਾਂ ਕਿ ਇਨ੍ਹਾਂ ਨੂੰ ਕੇਂਦਰੀ ਅਤੇ ਸੂਬਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਸਹੀ ਢੰਗ ਨਾਲ ਰਜਿਸਟ੍ਰੇਸ਼ਨ ਨਾ ਹੋਣ ਕਰਕੇ ਬਹੁਤੀਆਂ ਸਕੀਮਾਂ ਦਾ ਲਾਭ ਹੀ ਨਹੀਂ ਮਿਲਦਾ ਪਰ ਹੁਣ ਹਰੇਕ ਸਕੀਮ ਦਾ ਲਾਭ ਕਿਰਤੀ ਵਰਗ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਦੁੱਖ ਨਾਲ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਨੇਕ ਕਾਰਜ ਨੂੰ ਤਨਦੇਹੀ ਨਾਲ ਲਾਗੂ ਕੀਤੇ ਜਾਣ ਪ੍ਰਤੀ ਸੰਜੀਦਗੀ ਨਾਲ ਕੰਮ ਨਹੀਂ ਕੀਤਾ।

ਪੰਜਾਬ ਸਿਵਲ ਸਕੱਤਰੇਤ ਤੋਂ ਬਾਹਰ ਵਜ਼ਾਰਤ ਦੀ ਮੀਟਿੰਗ ਕਰਕੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦਾ ਆਗਜ਼ ਕੀਤਾ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਕਰਕੇ ਆਪਣੇ ਪ੍ਰਮੁੱਖ ਪ੍ਰੋਗਰਾਮ ‘ਸਰਕਾਰ ਤੁਹਾਡੇ ਦੁਆਰ’ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਕਦਮ ਦਾ ਉਦੇਸ਼ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਹੁਣ ਮੰਤਰੀ ਮੰਡਲ ਸਿਰਫ਼ ਸਕੱਤਰੇਤ ਦੇ ਕਮਰਿਆਂ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਸੂਬੇ ਭਰ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਸੌਖ ਹੋ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਜਿੱਥੇ ਸੂਬੇ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ, ਉਥੇ ਦੂਜੇ ਪਾਸੇ ਆਪਣੇ ਰੋਜ਼ਮੱਰਾ ਦੇ ਪ੍ਰਸ਼ਾਸਨਿਕ ਕੰਮ ਕਰਵਾ ਕੇ ਲੋਕਾਂ ਨੂੰ ਸਹੂਲਤ ਮਿਲੇਗੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਅਧਿਕਾਰੀਆਂ ਖਾਸ ਕਰਕੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨ ਨੂੰ ਆਪੋ-ਆਪਣੇ ਖੇਤਰ ਦੇ ਦੌਰੇ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਹੈ ਕਿ ਲੋਕਾਂ ਨੂੰ ਆਪਣੇ ਰੋਜ਼ਮੱਰਾ ਦੇ ਪ੍ਰਸ਼ਾਸਨਿਕ ਕੰਮ ਕਰਵਾਉਣ ਲਈ ਇਧਰ-ਉਧਰ ਭੱਜ ਦੌੜ ਨਾ ਕਰਨੀ ਪਵੇ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਅਜਿਹੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਬੂਹੇ ’ਤੇ ਸਹੂਲਤਾਂ ਮੁਹੱਈਆ ਕਰਵਾਏਗੀ।

Leave a Reply

Your email address will not be published. Required fields are marked *