ਚੰਡੀਗੜ੍ਹ/ਮੋਹਾਲੀ- ਵਿਜੀਲੈਂਸ ਬਿਊਰੋ ਪੰਜਾਬ ਵਲੋਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਕਈ ਘੰਟਿਆਂ ਤੱਕ ਪੁੱਛਗਿਛ ਕੀਤੀ ਗਈ। ਇਹ ਪੁੱਛਗਿਛ ਆਮਦਨ ਤੋਂ ਜ਼ਿਆਦਾ ਜਾਇਦਾਦ ਅਰਜਿਤ ਕਰਨ ਦੀ ਜਾਂਚ ਸਬੰਧੀ ਕੀਤੀ ਗਈ ਹੈ। ਜਾਂਚ ਦੌਰਾਨ ਵਿਜੀਲੈਂਸ ਬਿਊਰੋ ਵਲੋਂ ਬਲਬੀਰ ਸਿੰਘ ਸਿੱਧੂ ਦੇ ਮੰਤਰੀ ਅਹੁਦੇ ਦੇ ਕਾਰਜਕਾਲ ਦੌਰਾਨ ਹੋਈ ਖ਼ਰੀਦੋ-ਫਰੋਖ਼ਤ, ਮੋਹਾਲੀ ਅਤੇ ਆਸ-ਪਾਸ ਕੀਮਤੀ ਜ਼ਮੀਨਾਂ ’ਤੇ ਸਿੱਧੇ-ਅਸਿੱਧੇ ਤੌਰ ’ਤੇ ਕਬਜ਼ਾ ਕਰਨ, ਸ਼ਰਾਬ ਦੇ ਕਾਰੋਬਾਰ ਵਿਚ ਏਕਾਧਿਕਾਰ ਜਮਾਉਣ ਤੋਂ ਲੈ ਕੇ ਰੋਪੜ ਜਿਲ੍ਹੇ ਵਿਚ ਗ਼ੈਰਕਾਨੂੰਨੀ ਰੇਤ ਖਣਨ ਤੱਕ ਨਾਲ ਸਬੰਧਿਤ ਸਵਾਲ-ਜਵਾਬ ਕੀਤੇ ਗਏ। ਜਾਣਕਾਰੀ ਮੁਤਾਬਕ ਵਿਜੀਲੈਂਸ ਵਲੋਂ ਕੀਤੀ ਜਾ ਰਹੀ ਜਾਂਚ ਵਿਚ ਸ਼ਾਮਲ ਹੋਣ ਲਈ ਬਲਬੀਰ ਸਿੰਘ ਸਿੱਧੂ ਤਕਰੀਬਨ ਸਾਢੇ ਗਿਆਰ੍ਹਾਂ ਵਜੇ ਵਿਜੀਲੈਂਸ ਬਿਊਰੋ ਮੁੱਖ ਦਫ਼ਤਰ ਪੁੱਜੇ।
ਬਲਬੀਰ ਸਿੰਘ ਸਿੱਧੂ ਤੋਂ ਕਰੀਬ ਪੰਜ ਘੰਟੇ ਤੱਕ ਪੁੱਛਗਿਛ ਕੀਤੀ ਗਈ। ਸੂਤਰਾਂ ਮੁਤਾਬਕ ਵਿਜੀਲੈਂਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਦੇ ਤੌਰ ’ਤੇ ਕੋਵਿਡ-19 ਦੌਰਾਨ ਪੀ. ਪੀ. ਈ. ਕਿੱਟਾਂ ਖ਼ਰੀਦਣ ਲਈ ਜਾਰੀ ਟੈਂਡਰ ਵਿਚ ਬੇਨਿਯਮੀਆਂ ਰਾਹੀਂ ਗਰੈਂਡਵੇ ਇਨਕਾਰਪੋਰੇਸ਼ਨ ਨੂੰ ਫ਼ਾਇਦਾ ਪਹੁੰਚਾਉਣ ਸਬੰਧੀ ਪੁੱਛਿਆ। ਇਸ ਦੇ ਨਾਲ ਹੀ ਸਿਹਤ ਵਿਭਾਗ ਵਿਚ ਕੁਲ 8.3 ਕਰੋੜ ਬੁਪ੍ਰੇਨੋਰਫਿਨ ਗੋਲੀਆਂ ਵਿਚੋਂ ਗਾਇਬ ਹੋਈ ਪੰਜ ਕਰੋੜ ਬੁਪ੍ਰੇਨੋਰਫਿਨ ਗੋਲੀਆਂ ਨੂੰ ਰਿਕਾਰਡ ਵਿਚ ਹੇਰ-ਫੇਰ ਕਰਕੇ ਦਿਖਾ ਕੇ ਮਾਮਲਾ ਦਬਾਉਣ ਨਾਲ ਜੁੜੇ ਕਈ ਸਵਾਲ ਪੁੱਛੇ ਗਏ।
ਉਨ੍ਹਾਂ ਦੇ ਸਿਹਤ ਮੰਤਰੀ ਕਾਰਜਕਾਲ ਦੌਰਾਨ ਹੀ ਕਥਿਤ ਤੌਰ ’ਤੇ ਲਾਜ਼ਮੀ ਪ੍ਰੀਖਣਾਂ ਵਿਚ ਅਸਫ਼ਲ ਹੋਣ ਦੇ ਬਾਵਜੂਦ ਵੀ ਰੂਸਨ ਫਾਰਮਾ ਤੋਂ ਦਵਾਈਆਂ ਖਰੀਦ ਕੇ ਉਸ ਨੂੰ ਅਣ-ਉਚਿਤ ਮੁਨਾਫ਼ਾ ਪਹੁੰਚਾਉਣ ਅਤੇ ਕੋਵਿਡ-19 ਵੈਕਸੀਨ ਦੇ ਪ੍ਰਾਪਤ ਇਕ ਲੱਖ ਟੀਕੇ ਦੀ ਖੁਰਾਕ ਵਿਚੋਂ 80 ਹਜ਼ਾਰ ਦੀ ਵਿਕਰੀ ਕਰਨ ਸਬੰਧੀ ਵੀ ਪੁੱਛਗਿਛ ਕੀਤੀ ਗਈ।