ਚੰਡੀਗੜ੍ਹ/ਲੁਧਿਆਣਾ (ਸ਼ਰਮਾ) : ਪੰਜਾਬ ‘ਚ ਸਿਹਤ ਵਿਭਾਗ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਬੇ ‘ਚ ਕੋਰੋਨਾ ਦੇ ਟੀਕੇ ਦਾ ਸਟਾਕ ਖ਼ਤਮ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡੀ ਮੁਸੀਬਤ ਪੜ੍ਹਾਈ ਜਾਂ ਕੰਮਕਾਰ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਹੋ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਵੀਜ਼ਾ ਤਾਂ ਮਿਲ ਗਿਆ ਹੈ ਪਰ ਕੋਰੋਨਾ ਟੀਕਾਕਰਨ ਤੋਂ ਬਿਨਾ ਵਿਦੇਸ਼ ਯਾਤਰਾ ਦੀ ਮਨਜ਼ੂਰੀ ਨਹੀਂ ਮਿਲ ਰਹੀ।
ਇਸ ਬਾਰੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਚਿੱਠੀ ਲਿਖ ਕੇ ਕੋਰੋਨਾ ਟੀਕੇ ਦੀ ਡੋਜ਼ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਕੋਰੋਨਾ ਦੀ ਵੈਕਸੀਨ ਬਣਾਉਣ ਦੀ ਮਨਜ਼ੂਰੀ ਕੰਪਨੀਆਂ ਨੂੰ ਐਮਰਜੈਂਸੀ ਯੂਸੇਜ਼ ਲਾਇਸੈਂਸ ਤਹਿਤ ਦਿੱਤੀ ਗਈ ਸੀ। ਜਿਉਂ ਹੀ ਐਮਰਜੈਂਸੀ ਸਥਿਤੀ ਖ਼ਤਮ ਹੋਈ ਕੰਪਨੀਆਂ ਨੇ ਲਾਇਸੈਂਸ ਦੀਆਂ ਸ਼ਰਤਾਂ ਮੁਤਾਬਕ ਵੈਕਸੀਨ ਬਣਾਉਣੀ ਬੰਦ ਕਰ ਦਿੱਤੀ। ਪੰਜਾਬ ਸਰਕਾਰ ਨੇ ਕੇਂਦਰ ਤੋਂ 35 ਹਜ਼ਾਰ ਕੋਵਿਡ ਵੈਕਸੀਨ ਦੀ ਮੰਗ ਵੀ ਕੀਤੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦਾ ਭੁਗਤਾਨ ਕਰਨ ਨੂੰ ਤਿਆਰ ਹੈ। ਵਿਦੇਸ਼ ‘ਚ ਬਣ ਰਹੀ ਕੋਵਿਡ ਵੈਕਸੀਨ ਨੂੰ ਸੂਬਾ ਸਰਕਾਰ ਸਿੱਧਾ ਨਹੀਂ ਖ਼ਰੀਦ ਸਕਦੀ। ਇਸ ਲਈ ਕੇਂਦਰ ਸਰਕਾਰ ਨੂੰ ਹੀ ਕਦਮ ਚੁੱਕਣਾ ਪਵੇਗਾ। ਦੱਸਣਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 38 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 37 ਜ਼ਿਲ੍ਹੇ ਦੇ, ਜਦੋਂਕਿ 1 ਬਾਹਰੀ ਜ਼ਿਲ੍ਹੇ ਨਾਲ ਸਬੰਧਿਤ ਹੈ। ਸਿਹਤ ਵਿਭਾਗ ਵਲੋਂ ਪਾਜ਼ੇਟਿਵਿਟੀ ਦਰ 4.29 ਫ਼ੀਸਦੀ ਦੱਸੀ ਜਾ ਰਹੀ ਹੈ।