ਚੰਡੀਗੜ੍ਹ, 4 ਅਗਸਤ (ਦਲਜੀਤ ਸਿੰਘ)- ਸੰਸਦ ਦੇ ਬਾਹਰ ਰਵਨੀਤ ਬਿੱਟੂ ਅਤੇ ਹਰਸਿਮਰਤ ਕੌਰ ਬਾਦਲ ਵਿਚਾਲੇ ਹੋਈ ਤਿੱਖੀ ਬਹਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਰਵਨੀਤ ਬਿੱਟੂ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ।ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਵਨੀਤ ਬਿੱਟੂ ਕਾਂਗਰਸ ਦਾ ਮੁੱਖ ਚਿਹਰਾ ਬਣਨਾ ਚਾਹੁੰਦਾ ਹੈ, ਜੋਕਿ ਹੁਣ ਨਵਜੋਤ ਸਿੰਘ ਸਿੱਧੂ ਨੂੰ ਬਣਾ ਦਿੱਤਾ ਗਿਆ ਹੈ ਇਸੇ ਕਰਕੇ ਰਵਨੀਤ ਬਿੱਟੂ ਬੌਖਲਾ ਗਿਆ ਹੈ ਅਤੇ ਅਜਿਹੇ ਬਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਭਾਜਪਾ ਸਰਕਾਰ ਨਾਲ ਹੈ ਅਤੇ ਉਸ ਦਾ ਨਿਸ਼ਾਨਾ ਹਰ ਵਾਰ ਅਕਾਲੀਆਂ ’ਤੇ ਹੀ ਰਹਿੰਦਾ ਹੈ। ਅਸੀਂ ਉਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਖ਼ਿਲਾਫ਼ ਲੜਾਈ ਲੜਨ ਲਈ ਆਏ ਹਾਂ ਅਤੇ ਕਾਂਗਰਸੀ ਆਗੂ ਕਿਉਂ ਅਜਿਹੇ ਕੰਮ ਕਰਨ ’ਚ ਲੱਗੇ ਕਿ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਇਕ-ਦੂਜੇ ਦੇ ਨਾਲ ਨਹੀਂ ਹਨ। ਉਸ ਦੀ ਸੋਚ ਹੀ ਅਜਿਹੀ ਹੈ ਅਤੇ ਰਵਨੀਤ ਬਿੱਟੂ ਨੂੰ ਅਜਿਹਾ ਕੰਮ ਨਹੀਂ ਚਾਹੀਦਾ। ਇਥੇ ਦੱਸ ਦੇਈਏ ਕਿ ਇਸ ਮੌਕੇ ਪਟਿਆਲਾ ਜ਼ਿਲ੍ਹੇ ਤੋਂ ਕਾਂਗਰਸੀ ਆਗੂ ਬਲਵਿੰਦਰ ਸਿੰਘ ਨੇ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਆਪਣੇ ਕਈ ਆਗੂਆਂ ਦੇ ਨਾਲ ਅਕਾਲੀ ਦਲ ਦੀ ਪਾਰਟੀ ਵਿਚ ਸ਼ਾਮਲ ਹੋਏ। ਬਲਵਿੰਦਰ ਸਿੰਘ ਸੈਕਤੀਪੁਰ ਪਟਿਆਲਾ ਜ਼ਿਲ੍ਹੇ ’ਚ ਵੱਡਾ ਰਸੂਖ ਰੱਖਦੇ ਹਨ।
ਮਾਫ਼ੀਆ ਦਾ ਪਹਿਲਾਂ ਲੀਡਰ ਕੈਪਟਨ ਸੀ, ਹੁਣ ਬਣਿਆ ਸਿੱਧੂ
ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦੇ ਹੋਏ ਨਸ਼ੇ ਦੇ ਮੁੱਦੇ ਨੂੰ ਲੈ ਕੇ ਸੁਖੀਬਰ ਸਿੰਘ ਬਾਦਲ ਨੇ ਕਿਹਾ ਕਿ ਐੱਸ. ਟੀ. ਐੱਫ. ਪੰਜਾਬ ਪੁਲਸ ਦੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੇਠਾਂ ਹੈ। ਨਸ਼ੇ ਦੇ ਵੱਡਾ ਸਮੱਗਲਰਾਂ ਨੂੰ ਆਖ਼ਿਰ ਕਿਉਂ ਨਹੀਂ ਸਰਕਾਰ ਫੜ ਰਹੀ। ਅੱਜ ਨਸ਼ਾ ਘਰ-ਘਰ ਪਹੁੰਚ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਪੰਜਾਬ ਪੁਲਸ ਦੀ ਸਪੋਰਟ ਮਿਲ ਰਹੀ ਹੈ ਅਤੇ ਪੰਜਾਬ ਪੁਲਸ ਨੂੰ ਕਾਂਗਰਸੀ ਵਿਧਾਇਕ ਪ੍ਰੋਟੈਕਸ਼ਨ ਦੇ ਰਹੇ ਹਨ, ਜੋਕਿ ਮਹੀਨਾ ਲੈ ਰਹੇ ਹਨ। ਜਿਹੜੇ ਥਾਣੇਦਾਰ ਹਨ, ਉਹ ਐੱਸ. ਐੱਚ. ਓ. ਬਣਨਾ ਚਾਹੁੰਦੇ ਹਨ ਅਤੇ ਵਿਧਾਇਕ ਇਹੀ ਕਹਿੰਦੇ ਹਨ ਕਿ ਐੱਸ. ਐੱਚ. ਓ. ਤਾਂਹੀ ਲਗਵਾਂਗੇ ਜੇਕਰ ਸਾਨੂੰ ਪ੍ਰੋਟੈਕਸ਼ਨ ਮਿਲੇਗੀ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਚਾਰੋ-ਪਾਸੇ ਅੱਜ ਉਹੀ ਵਿਧਾਇਕ ਹਨ, ਜੋ ਸੈਂਡ ਮਾਫ਼ੀਆ, ਸ਼ਰਾਬ ਮਾਫ਼ੀਆ, ਡਰੱਗ ਮਾਫ਼ੀਆ, ਕਬਜ਼ਾ ਮਾਫ਼ੀਆ ਹਨ। ਮਾਫ਼ੀਆਂ ਦਾ ਪਹਿਲਾਂ ਲੀਡਰ ਕੈਪਟਨ ਅਮਰਿੰਦਰ ਸਿੰਘ ਸੀ ਅਤੇ ਹੁਣ ਨਵੀਂ ਤਾਜਪੋਸ਼ੀ ਦੇ ਨਾਲ ਨਵਜੋਤ ਸਿੰਘ ਸਿੱਧੂ ਬਣ ਗਏ ਹਨ।