ਨਵਜੋਤ ਸਿੱਧੂ ਵੱਲੋਂ ਕਾਂਗਰਸ ਦੀਆਂ ਗਤੀਵਿਧੀਆਂ ‘ਚ ਹਿੱਸਾ ਨਾ ਲੈਣ ‘ਤੇ ਰਾਜਾ ਵੜਿੰਗ ਦਾ ਬਿਆਨ


ਲੁਧਿਆਣਾ- ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੀਆਂ ਸਰਗਰਮੀਆਂ ਵਿਚ ਹਿੱਸਾ ਨਾ ਲੈਣ ਸਬੰਧੀ ਸੂਬਾ ਕਾਂਗਰਸ ਪ੍ਰਧਾਨ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਹੈ ਕਿਉਂਕਿ ਰਾਜਾ ਵੜਿੰਗ, ਪ੍ਰਤਾਪ ਬਾਜਵਾ ਅਤੇ ਹਰੀਸ਼ ਚੌਧਰੀ ਸਮੇਤ ਹੋਰ ਵੱਡੇ ਨੇਤਾ ਸਿੱਧੂ ਦੀ ਰਿਹਾਈ ਦੇ ਸਮੇਂ ਨਹੀਂ ਪੁੱਜੇ ਅਤੇ ਨਾ ਹੀ ਪਟਿਆਲਾ ਵਿਚ ਜਾ ਕੇ ਸਿੱਧੂ ਦੇ ਘਰ ਤੱਕ ਗਏ। ਇਸੇ ਤਰ੍ਹਾਂ ਪਟਿਆਲਾ ਤੋਂ ਬਾਅਦ ਬੀਤੇ ਦਿਨ ਲੁਧਿਆਣਾ ਵਿਚ ਵੀ ‘ਸੰਵਿਧਾਨ ਬਚਾਓ ਮਾਰਚ’ ਦੌਰਾਨ ਸਿੱਧੂ ਸ਼ਾਮਲ ਨਹੀਂ ਹੋਏ। ਜਿਸ ਸਬੰਧੀ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪਟਿਆਲਾ ਅਤੇ ਲੁਧਿਆਣਾ ਵਿਚ ‘ਸੰਵਿਧਾਨ ਬਚਾਓ ਮਾਰਚ’ ਦਾ ਆਯੋਜਨ ਜ਼ਿਲ੍ਹਾ ਕਾਂਗਰਸ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਨੇ ਸਿੱਧੂ ਦੇ ਅੰਮ੍ਰਿਤਸਰ ਦੇ ਸਮਾਰੋਹ ਵਿਚ ਸ਼ਾਮਲ ਹੋਣ ਦੀ ਆਸ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਰਾਜਾ ਵੜਿੰਗ ਸਿੱਧੂ ਦੀ ਰਿਹਾਈ ਮੌਕੇ ਟਵੀਟ ਜਰੀਏ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਜਲਦ ਮੁਲਾਕਾਤ ਕਰਨ ਦੀ ਗੱਲ ਕਹਿ ਚੁੱਕੇ ਹਨ।

ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਵਿਰੋਧ ਵਿਚ ਬੀਤੇ ਦਿਨ ਲੁਧਿਆਣਾ ਵਿਚ ਆਯੋਜਿਤ ਸੰਵਿਧਾਨ ਬਚਾਓ ਮੋਰਚਾ ਨੂੰ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਨੇ ਲੰਮੇ ਸਮੇਂ ਤੱਕ ਕਾਲੇ ਦੌਰ ਦਾ ਸੰਤਾਪ ਝੱਲਿਆ ਹੈ ਅਤੇ ਬਹੁਤ ਮੁਸ਼ਕਲ ਨਾਲ ਦੁਬਾਰਾ ਸ਼ਾਂਤੀ ਦਾ ਮਾਹੌਲ ਕਾਇਮ ਹੋਇਆ ਹੈ ਪਰ ਭਾਜਪਾ ਪੰਜਾਬ ਵਿਚ ਆਪਣੀ ਸਿਆਸੀ ਐਂਟਰੀ ਲਈ ਹਰ ਹਥਕੰਡਾ ਵਰਤ ਰਹੀ ਹੈ ਅਤੇ ਇਸ ਵਿਚ ‘ਆਪ’ ਉਸ ਦਾ ਸਾਥ ਦੇ ਰਹੀ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਕਿਸੇ ਵੀ ਕੀਮਤ ’ਤੇ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਪੰਜਾਬ ਵਿਚ ਕਾਇਮ ਆਪਸੀ ਭਾਈਚਾਰੇ ਦਾ ਮਾਹੌਲ ਖ਼ਰਾਬ ਨਹੀਂ ਕਰਨ ਦੇੇਵੇਗੀ ਕਿਉਂਕਿ ਇਸ ਮਾਹੌਲ ਵਿਚਕਾਰ ਨਵਾਂ ਨਿਵੇਸ਼ ਆਉਣ ਦੀ ਬਜਾਏ ਉਦਯੋਗਪਤੀ ਰਾਜ ਤੋਂ ਬਾਹਰ ਜਾਣ ਨੂੰ ਮਜ਼ਬੂਰ ਹੋ ਰਹੇ ਹਨ।

Leave a Reply

Your email address will not be published. Required fields are marked *