ਸਕੂਲ ਬੱਸ ਥੱਲੇ ਆਇਆ ਕੁੱਤਾ, ਮਾਲਕ ਨੇ ਸਾਥੀਆਂ ਸਮੇਤ ਡਾਂਗਾਂ-ਕਿਰਪਾਨਾਂ ਲੈ ਕੇ ਬਸ ਡਰਾਈਵਰ ਨੂੰ ਘੇਰਿਆ, ਬੱਚਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਸ੍ਰੀ ਹਰਿਗੋਬਿੰਦਪੁਰ : ਇਕ ਸਕੂਲ ਦੇ ਮਸੂਮ ਬੱਚਿਆਂ ਦੀ ਰੋਂਦੇ-ਵਿਲਕਦਿਆਂ ਦੀ ਇਕ ਵਾਇਰਲ ਵੀਡੀਓ ਨੇ ਹਰ ਇਕ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਾਮਲਾ ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਔਲਖ ਖੁਰਦ ਦਾ ਹੈ। ਹੋਲੀ ਫੈਮਲੀ ਕਾਨਵੈਂਟ ਸਕੂਲ ਸ੍ਰੀ ਹਰਗੋਬਿੰਦਪੁਰ ਦੇ ਸਕੂਲ ਦੀ ਇਕ ਬੱਸ ਔਲਖ ਖੁਰਦ ਤੋਂ ਸਕੂਲੀ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ, ਜਦੋਂ ਇਹ ਬੱਸ ਪਿੰਡ ਤੋਂ ਥੋੜ੍ਹਾ ਬਾਹਰ ਨਿਕਲੀ ਤਾਂ ਰਸਤੇ ‘ਚ ਦੋ ਕੁੱਤੇ ਲੜਦੇ ਹੋਏ ਅਚਾਨਕ ਬੱਸ ਦੇ ਅੱਗੇ ਆ ਗਏ ਤੇ ਇਕ ਕੁੱਤਾ ਬੱਸ ਹੇਠਾਂ ਆਉਣ ਕਰ ਕੇ ਮਰ ਗਿਆ। ਏਨੇ ਚਿਰ ਨੂੰ ਕੁੱਤੇ ਦਾ ਮਾਲਕ ਵੀ ਆ ਗਿਆ ਤੇ ਉਨ੍ਹਾਂ ਨੇ ਆਉਂਦਿਆਂ ਹੀ ਸਕੂਲ ਬੱਸ ਨੂੰ ਰੋਕ ਕੇ ਡਾਂਗਾਂ ਤਲਵਾਰਾਂ ਨਾਲ ਡਰਾਈਵਰ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਵਾਇਰਲ ਵੀਡੀਓ ‘ਚ ਇਕ ਵਿਅਕਤੀ ਦੇ ਹੱਥ ਦਾਤਰ ਵੀ ਦਿਖਾਈ ਦੇ ਰਿਹਾ ਹੈ। ਇਹ ਸਭ ਦੇਖ ਕੇ ਬੱਸ ਵਿਚ ਸਵਾਰ ਛੋਟੇ ਮਸੂਮ ਬੱਚੇ ਰੋਣ-ਵਿਲਕਣ ਲੱਗ ਪਏ।

ਵਾਇਰਲ ਵੀਡੀਓ ਚ ਬੱਸ ਡਰਾਇਵਰ ਕੁੱਤੇ ਦੇ ਮਾਲਕਾਂ ਦੇ ਤਰਲੇ ਕੱਢ ਰਿਹਾ ਹੈ ਕਿ ਬੱਚੇ ਵਿਲਕ ਰਹੇ ਹਨ, ਬੱਸ ਨੂੰ ਜਾਣ ਦਿਓ । ਵਾਇਰਲ ਵੀਡੀਓ ਚ ਕੁੱਤੇ ਦੇ ਮਾਲਕ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਹਨ। ਇੰਨੇ ਚਿਰ ਨੂੰ ਬੱਸ ਵਿਚ ਸਵਾਰ ਬੱਚਿਆਂ ਦੇ ਮਾਤਾ-ਪਿਤਾ ਵੀ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਬੜੀ ਜੱਦੋਜਹਿਦ ਦੇ ਬੱਸ ਨੂੰ ਸਕੂਲ ਲਈ ਰਵਾਨਾ ਕੀਤਾ ਜਾਣਕਾਰੀ ਅਨੁਸਾਰ ਸਕੂਲ ਪ੍ਰਬੰਧਕਾਂ ਅਤੇ ਬੱਸ ਡਰਾਈਵਰ ਅਤੇ ਬਚਿਆ ਦੇ ਕੁਝ ਮਾਪਿਆਂ ਵੱਲੋਂ ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਆਉਂਦੀ ਪੁਲਸ ਚੌਕੀ ਹਰਚੋਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਉਕਤ ਮਾਮਲੇ ਦੇ ਸਬੰਧ ਚ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐਸਐਚਓ ਬਲਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਚੌਕੀ ਹਰਚੋਵਾਲ ਵਿਖੇ ਸ਼ਕਾਇਤ ਆਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ, ਬੱਸ ਡਰਾਇਵਰ, ਸਕੂਲ ਪ੍ਰਬੰਧਕਾਂ ਅਤੇ ਬੱਸ ਨੂੰ ਰੋਕਣ ਵਾਲੇ ਲੋਕਾਂ ਨੂੰ ਪੁਲੀਸ ਚੌਕੀ ਹਰਚੋਵਾਲ ਵਿਖੇ ਬੁਲਾਇਆ ਗਿਆ ਹੈ ਅਤੇ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਧਰ ਸਕੂਲ ਬੱਸ ਵਿਚ ਸਵਾਰ ਇਕ ਬੱਚੇ ਦੇ ਪਿਤਾ ਨੇ ਦੱਸਿਆ ਕੇ ਕੁੱਤੇ ਦੇ ਮਾਲਕਾਂ ਨੂੰ ਉਨ੍ਹਾਂ ਨੇ ਜਾ ਕੇ ਤਰਲੇ ਕੱਢੇ ਕੇ ਸਕੂਲ ਦੀ ਬੱਸ ਹੈ ਅਤੇ ਬੱਚਿਆਂ ਦਾ ਬੁਰਾ ਹਾਲ ਹੈ, ਤੁਸੀਂ ਬੱਸ ਨੂੰ ਜਾਣ ਦਿਓ ਪਰ ਉਹ ਲੋਕ ਆਪਣੇ ਹਰਜਾਨੇ ਨੂੰ ਲੈ ਕੇ ਅੜੇ ਹੋਏ ਸਨ। ਉਸ ਨੇ ਦੱਸਿਆ ਕਿ ਸਕੂਲ ਦੇ ਡਰਾਈਵਰ ਵੱਲੋਂ ਕੁੱਤੇ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਗਈ ਸੀ, ਪਰ ਜੇਕਰ ਡਰਾਈਵਰ ਬੱਸ ਨੂੰ ਖੇਤਾਂ ਵਾਲੇ ਪਾਸੇ ਉਤਾਰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਵਾਇਰਲ ਵੀਡੀਓ ਤੋਂ ਬਾਅਦ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *