ਚੰਡੀਗੜ੍ਹ : ਪੰਜਾਬ ’ਚ ਵੱਡੇ ਹਾਦਸਿਆਂ ਦੀ ਜਾਂਚ ਕ੍ਰੈਸ਼ ਇਨਵੈਸਟੀਗੇਸ਼ਨ ਅਧਿਕਾਰੀ ਕਰਨਗੇ। ਪੁਲਿਸ ਵਿਭਾਗ ਨੇ ਸੂਬੇ ’ਚ ਕ੍ਰੈਸ਼ ਇਨਵੈਸਟੀਗੇਸ਼ਨ ਅਧਿਕਾਰੀ ਲਾਉਣੇ ਸ਼ੁਰੂ ਕਰ ਦਿੱਤੇ ਹਨ। ਜ਼ਿਲ੍ਹਾ ਮੁਹਾਲੀ ’ਚ ਪੰਜਾਬ ਦੇ ਪਹਿਲੇ ਕ੍ਰੈਸ਼ ਇਨਵੈਸਟੀਗੇਸ਼ਨ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ’ਚ ਵੀ ਅਜਿਹੇ ਅਧਿਕਾਰੀਆਂ ਦੀ ਨਿਯੁਕਤੀ ਛੇਤੀ ਕਰ ਦਿੱਤੀ ਜਾਵੇਗੀ। ਯਾਦ ਰਹੇ ਕਿ ਬੀਤੇ ਸਾਲ ‘ਅਦਾਰਾ ਜਾਗਰਣ’ ਵੱਲੋਂ ਸੜਕ ਸੁਰੱਖਿਆ ਮੁਹਿੰਮ ਤਹਿਤ ਸੂਬੇ ਦੇ ਜ਼ਿਲ੍ਹਿਆਂ ’ਚੋਂ ਲੰਘਣ ਵਾਲੇ ਕੌਮੀ ਮਾਰਗਾਂ ’ਤੇ ਬਲੈਕ ਸਪਾਟ ਕਾਰਨ ਹੋਣ ਵਾਲੇ ਹਾਦਸਿਆਂ, ਸੜਕਾਂ ਦੀਆਂ ਖਾਮੀਆਂ ਨੂੰ ਉਜਾਗਰ ਕੀਤਾ ਗਿਆ ਸੀ। ਹੁਣ ਇਹ ਅਫਸਰ ਨਾ ਸਿਰਫ ਸੜਕ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਕਰਨਗੇ ਬਲਕਿ ਸੜਕ ’ਤੇ ਬਲੈਕ ਸਪਾਟ, ਸੜਕਾਂ ਦੇ ਨਿਰਮਾਣ ਦੀਆਂ ਖਾਮੀਆਂ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐੱਨਐੱਚਆਈਏ) ਦੇ ਅਧਿਕਾਰੀਆਂ ਕੋਲ ਉਠਾਉਣਗੇ ਤਾਂ ਕਿ ਇਨ੍ਹਾਂ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ। ਮੁਹਾਲੀ ਦੀ ਏਸੀਪੀ ਡਾ. ਦਰਪਣ ਕੌਰ ਆਹਲੂਵਾਲੀਆ ਨੇ ਦੱਸਿਆ ਕਿ ਵਿਪੁਲ ਮਿੱਤਲ ਨੂੰ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦਾ ਪਹਿਲਾ ਕ੍ਰੈਸ਼ ਇਨਵੈਸਟੀਗੇਸ਼ਨ ਅਫਸਰ ਲਾਇਆ ਗਿਆ ਹੈ। ਜ਼ਿਲ੍ਹਾ ਮੁਹਾਲੀ ਤੋਂ ਨੈਸ਼ਨਲ ਹਾਈਵੇ (ਐੱਨਐੱਚ)-21, ਐੱਨਐੱਚ 205, ਐੱਨਐੱਚ 7 ਲੰਘਦੇ ਹਨ। ਇਥੇ ਹਾਦਸਿਆਂ ਦੀ ਗਿਣਤੀ ਜ਼ਿਆਦਾ ਹੈ। ਅਜਿਹੇ ਅਧਿਕਾਰੀ ਸੜਕ ਹਾਦਸਿਆਂ ਦੇ ਕਾਰਨਾਂ ਦੀ ਤਕਨੀਕੀ ਤੌਰ ’ਤੇ ਜਾਂਚ ਕਰਨਗੇ। ਕ੍ਰੈਸ਼ ਇਨਵੈਸਟੀਗੇਸ਼ਨ ਅਧਿਕਾਰੀ ਅਜਿਹੀਆਂ ਥਾਵਾਂ ਦੀ ਤਕਨੀਕੀ ਪੜਤਾਲ ਕਰਦਾ ਹੈ, ਜਿਥੇ ਹਾਦਸੇ ਸਭ ਤੋਂ ਜ਼ਿਆਦਾ ਹੁੰਦੇ ਹਨ।