ਜਲੰਧਰ – ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ 10 ਮਈ ਨੂੰ ਜ਼ਿਮਨੀ ਚੋਣ ਹੋ ਰਹੀ ਹੈ। ਕਾਂਗਰਸ ਵੱਲੋਂ ਸਵ. ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਦਾ ਉਮੀਦਵਾਰ ਵਜੋਂ ਐਲਾਨ ਕੀਤਾ ਜਾ ਚੁੱਕਾ ਹੈ, ਜਦਕਿ ਦੂਜੀਆਂ ਪਾਰਟੀਆਂ ਵੱਲੋਂ ਅਜੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਹਾਲੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਜਲੰਧਰ ਵੈਸਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਣ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਤੇਜ਼ੀ ਨਾਲ ਸਮੀਕਰਨ ਬਦਲਣ ਲੱਗੇ ਹਨ।
ਕਿੱਥੇ ਸੁਸ਼ੀਲ ਰਿੰਕੂ ਕਾਂਗਰਸ ਵਿਚ ਕੰਮ ਕਰਦੇ ਸਨ ਅਤੇ ਹੁਣ ਉਹੀ ਰਿੰਕੂ ਕਾਂਗਰਸ ਖ਼ਿਲਾਫ਼ ਆਮ ਆਦਮੀ ਪਾਰਟੀ ਵਿਚ ਕੰਮ ਕਰਨਗੇ। ਗੱਲ ਸਿਰਫ਼ ਸਿਆਸੀ ਸਮੀਕਰਨ ਦੀ ਹੀ ਨਹੀਂ ਹੈ, ਸਗੋਂ ਆਮ ਆਦਮੀ ਪਾਰਟੀ ਦੇ ਅੰਦਰ ਪਹਿਲਾਂ ਤੋਂ ਮੌਜੂਦ ਰਿੰਕੂ ਦੇ ਧੁਰੰਤਰ ਵਿਰੋਧੀ ਸ਼ੀਤਲ ਅੰਗੁਰਾਲ ਦਾ ਕੀ ਹੋਵੇਗਾ, ਇਹ ਇਕ ਵੱਡਾ ਸਵਾਲ ਅੱਜ ਖੜ੍ਹਾ ਹੋ ਗਿਆ ਹੈ। ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਰਿੰਕੂ ਦੀ ਦੋਸਤੀ ਅਤੇ ਦੁਸ਼ਮਣੀ ਕਿਸੇ ਤੋਂ ਛੁਪੀ ਨਹੀਂ ਹੈ। ਦੁਸ਼ਮਣੀ ਇੰਨੀ ਕਿ ਇਕ-ਦੂਜੇ ਖ਼ਿਲਾਫ਼ ਕੋਈ ਮੌਕਾ ਨਹੀਂ ਛੱਡਦੇ ਪਰ ਹੁਣ ਮਾਹੌਲ ਬਦਲ ਗਿਆ ਹੈ। ਹੁਣ ਸੁਸ਼ੀਲ ਰਿੰਕੂ ਸ਼ੀਤਲ ਅੰਗੁਰਾਲ ਦੀ ਹੀ ਪਾਰਟੀ ਵਿਚ ਚਲੇ ਗਏ ਹਨ ਤਾਂ ਅਜਿਹੇ ਵਿਚ ਸਭ ਤੋਂ ਵੱਡੀ ਸਮੱਸਿਆ ਸ਼ੀਤਲ ਅੰਗੁਰਾਲ ਲਈ ਪੈਦਾ ਹੋ ਗਈ ਹੈ ਕਿਉਂਕਿ ਸ਼ੀਤਲ ਅੰਗੁਰਾਲ ਕੋਲ ਹੁਣ ਕੋਈ ਬਹੁਤ ਜ਼ਿਆਦਾ ਬਦਲ ਨਹੀਂ ਬਚੇ ਹਨ। ਜਾਂ ਤਾਂ ਉਹ ਆਮ ਆਦਮੀ ਪਾਰਟੀ ਵਿਚ ਹੀ ਰਹਿ ਕੇ ਕੰਮ ਕਰਨ ਜਾਂ ਵਾਪਸ ਭਾਜਪਾ ਵਿਚ ਚਲੇ ਜਾਣ।