ਲੁਧਿਆਣਾ, 13 ਸਤੰਬਰ (ਦਲਜੀਤ ਸਿੰਘ)- ਲੁਧਿਆਣਾ ਪੁਲਿਸ ਨੇ ਇਕ ਪਾਕਿਸਤਾਨੀ ਜਾਸੂਸ ਵੱਲੋਂ ਲੁਧਿਆਣਾ ਦੇ ਇੱਕ ਏਜੰਟ ਰਾਹੀਂ ਕੀਤੀ ਜਾ ਰਹੀ ਜਾਸੂਸੀ ਦਾ ਭਾਂਡਾਫੋੜ ਕੀਤਾ ਹੈ। ਜਿਸ ਬਾਰੇ ਲੁਧਿਆਣਾ ਪੁਲਿਸ ਨੇ ਏਅਰ ਫੋਰਸ ਇੰਟੈਲੀਜੈਂਸ ਯੂਨਿਟ, ਜੋਧਪੁਰ ਵੱਲੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਥਾਣਾ ਡਵੀਜਨ ਨੰ. 6 ਵਿੱਚ ਕੇਸ ਦਰਜ ਕੀਤਾ ਹੈ। ਲੁਧਿਆਣਾ ਪੁਲਿਸ ਨੇ ਕਿਹਾ ਹੈ ਕਿ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜਸਵਿੰਦਰ ਪਾਕਿਸਤਾਨੀ ਇੰਟੈਲੀਜੈਂਸ ਆਪਰੇਟਿਵ (ਪੀਆਈਓ) ਦੇ ਸੰਪਰਕ ‘ਚ ਸੀ, ਜਿਸ ਨੇ ਖੁਦ ਨੂੰ ਬਠਿੰਡਾ ਦੇ ਜਸਲੀਨ ਬਰਾੜ ਵਜੋਂ ਦੱਸਿਆ ਸੀ। ਆਪਰੇਟਿਵ ਜਸਵਿੰਦਰ ਸਿੰਘ ਵੱਲੋਂ ਮੁਹੱਈਆ ਕਰਵਾਏ ਓਟੀਪੀ ਦੇ ਆਧਾਰ ‘ਤੇ ਵ੍ਹਟਸਐਪ ਨੰਬਰ ਦਾ ਇਸਤੇਮਾਲ ਕਰਦੀ ਸੀ, ਤਾਂ ਜੋ ਉਹ ਫੌਜ ਦੇ ਅਫਸਰਾਂ ਨੂੰ ਹਨੀਟ੍ਰੈਪ ‘ਚ ਫਸਾ ਸਕੇ।
ਵ੍ਹੱਟਸਐਪ ਚੈਟ ਰਾਹੀਂ 7 ਡਿਫੈਂਸ ਮੁਲਾਜ਼ਮਾਂ ਅਤੇ ਪੀਆਈਓ ਵਿਚਾਲੇ ਸੰਪਰਕ ਹੋਣ ਦੀ ਪੁਸ਼ਟੀ ਹੋਈ ਹੈ। ਜਿਸ ਬਾਰੇ ਤਹਿਕੀਕਾਤ ਜਾਰੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਪੀਆਈਓ ਡਿਫੈਂਸ ਮੁਲਾਜ਼ਮਾਂ ਦੇ ਦੋ ਵ੍ਹੱਟਸਐਪ ਗਰੁੱਪਾਂ “ਵੈਸਟਨ ਕਮਾਂਡ ਮਿਊਚਲ ਪੋਸਟਿੰਗ” ਅਤੇ “ਐਮਈਐਸ ਇਨਫਰਮੇਸ਼ਨ ਅਪਡੇਟ” ਵਿੱਚ ਸ਼ਾਮਿਲ ਹੋਣ ‘ਚ ਸਫਲ ਹੋ ਗਏ ਸੀ। ਜੋਕਿ ਇਸ ਗਰੁੱਪ ਦੇ ਮੈਂਬਰ ਹੋਣ ਵਜੋਂ ਇਨ੍ਹਾਂ ਚੈਟਾਂ ਨੂੰ ਦੇਖ ਰਹੀ ਸੀ ਅਤੇ ਸੋਸ਼ਲ ਇੰਜੀਨੀਅਰਿੰਗ ਰਾਹੀਂ ਨਵੇਂ ਅਫਸਰਾਂ ਨੂੰ ਹਨੀਟ੍ਰੈਪ ‘ਚ ਫਸਾ ਸਕਦੀ ਸੀ।