ਸੰਬਲਪੁਰ – ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ ‘ਚ ਵੀਰਾਵਰ ਦੇਰ ਰਾਤ ਇਕ ਕਾਰ ਦੇ ਨਹਿਰ ‘ਚ ਡਿੱਗ ਗਈ। ਇਸ ਹਾਦਸੇ ‘ਚ ਕਾਰ ਸਵਾਰ 7 ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਨੇ ਦੇਰ ਰਾਤ ਕਰੀਬ 2 ਵਜੇ ਸਾਸਨ ਥਾਣਾ ਖੇਤਰ ਦੇ ਪਰਮਾਨਪੁਰ ਕੋਲ ਕਾਰ ਤੋਂ ਕੰਟਰੋਲ ਗੁਆ ਦਿੱਤਾ, ਜਿਸ ਨਾਲ ਸੜਕ ਤੋਂ ਫਿਸਲਣ ਤੋਂ ਬਾਅਦ ਪਲਟ ਕੇ ਇਕ ਨਹਿਰ ‘ਚ ਡਿੱਗ ਗਈ।
ਅਧਿਕਾਰੀ ਅਨੁਸਾਰ, ਕਾਰ ਸਵਾਰ ਲੋਕ ਵੀਰਵਾਰ ਨੂੰ ਪਰਮਾਨਪੁਰ ‘ਚ ਇਕ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਤੋਂ ਬਾਅਦ ਝਾਰਸੁਗੁੜਾ ਜ਼ਿਲ੍ਹੇ ਦੇ ਬੜਾਧਾਰਾ ‘ਚ ਆਪਣੇ ਘਰ ਆ ਰਹੇ ਸਨ। ਸੰਬਲਪੁਰ ਦੀ ਜ਼ਿਲ੍ਹਾ ਅਧਿਕਾਰੀ ਅਨੰਨਿਆ ਦਾਸ ਨੇ ਦੱਸਿਆ ਕਿ ਹਾਦਸੇ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਪੁਲਸ ਅਨੁਸਾਰ ਹਾਦਸੇ ‘ਚ ਚਾਰ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ‘ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੁਬਾਲਾ ਭੋਈ, ਸੁਮੰਤ ਭੋਈ, ਸਰਜ ਸੇਠ, ਦਿਬਿਆ ਲੋਹਾ, ਅਜੀਤ ਖਮਾਰੀ, ਰਮਾਕਾਂਤ ਭੁਨਿਆਰ ਅਤੇ ਸ਼ਤਰੁਘਨ ਭੋਈ ਵਜੋਂ ਹੋਈ ਹੈ। ਦਾਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ।