ਅੰਮ੍ਰਿਤਸਰ- ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਘਟਨਾ ਦੇ 10ਵੇਂ ਦਿਨ ਬੁੱਧਵਾਰ ਨੂੰ ਅੰਮ੍ਰਿਤਪਾਲ ਸਿੰਘ ਦੀ ਨਵੀਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੂਬੇ ਭਰ ‘ਚ ਹਲਚਲ ਮਚ ਗਈ ਹੈ। ਇਸ ਕਾਰਨ ਅੰਮ੍ਰਿਤਸਰ ਪੁਲਸ ਨੇ ਬਲਿਊ ਪ੍ਰਿੰਟ ਤਿਆਰ ਕਰ ਲਿਆ ਹੈ। ਗੁਰੂ ਨਗਰੀ ਨੂੰ ਪੁਲਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸਮੂਹ ਰਸਤਿਆਂ ਨੂੰ ਸੀਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਨਵੀਂ ਜਾਰੀ ਵੀਡੀਓ ‘ਚ ਅੰਮ੍ਰਿਤਪਾਲ ਸਿੰਘ ਨੇ ਪੁਲਸ ਕੋਲ ਆਤਮ-ਸਮਰਪਣ ਕਰਨ ਲਈ ਤਿੰਨ ਸ਼ਰਤਾਂ ਰੱਖੀਆਂ ਹਨ। ਦੂਜੇ ਪਾਸੇ ਪੰਜਾਬ ਰਾਜ ਪੁਲਸ ਨੂੰ ਇਨਪੁੱਟ ਮਿਲੇ ਹਨ ਕਿ ਅੰਮ੍ਰਿਤਪਾਲ ਸਿੰਘ ਜਾਂ ਤਾਂ ਸ੍ਰੀ ਹਰਿਮੰਦਰ ਸਾਹਿਬ ਜਾਂ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਤਮ-ਸਮਰਪਣ ਕਰ ਸਕਦਾ ਹੈ।
ਇਸ ਸਬੰਧੀ ਪੰਜਾਬ ਪੁਲਸ ਨੇ ਵੀ ਦੋਹਾਂ ਪਵਿੱਤਰ ਧਾਰਮਿਕ ਸਥਾਨਾਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਅੰਮ੍ਰਿਤਸਰ ਪੁਲਸ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਨੂੰ ਪੁਲਸ ਛਾਉਣੀ ‘ਚ ਤਬਦੀਲ ਕਰ ਦਿੱਤਾ ਹੈ। ਪੁਲਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੋ ਤੋਂ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਪੰਜਾਬ ਪੁਲਸ ਦੇ ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ।