ਬੇਗਾਨੇ ਪੁੱਤਾਂ ਨੂੰ ਹਥਿਆਰ ਚੁਕਾਉਣੇ ਸੌਖੇ, ਜਦੋਂ ਆਪਣੇ ’ਤੇ ਪੈਂਦੀ ਪਤਾ ਫਿਰ ਲੱਗਦਾ : ਭਗਵੰਤ ਮਾਨ


ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਸੂਬੇ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੀ ਜਵਾਨੀ ਨੂੰ ਕਿਸੇ ਧਰਮ ਦੇ ਨਾਂ ’ਤੇ ਚਲਾਈਆਂ ਫੈਕਟਰੀਆਂ ਵਿਚ ਕੱਚਾ ਮਾਲ ਬਣਦਾ ਦੇਖ ਤਮਾਸ਼ਾ ਨਹੀਂ ਦੇਖਣਗੇ। ਜਨਤਾ ਦੇ ਨਾਂ ਦਿੱਤੇ ਸੁਨੇਹੇ ਵਿਚ ਉਨ੍ਹਾਂ ਕਿਹਾ ਕਿ ਇਹ ਜ਼ਮਾਨਾ ਪੜ੍ਹਾਈ ਦਾ ਹੈ। ਅਸੀਂ ਪੰਜਾਬ ਦੇ ਜਵਾਨੀ ਦੇ ਹੱਥਾਂ ਵਿਚ ਲੈਪਟਾਪ, ਆਈ ਪੈਡ, ਡਿਗਰੀਆਂ, ਵੱਡੀਆਂ-ਵੱਡੀਆਂ ਕੰਪਨੀਆਂ ਦੇ ਅਪਾਇੰਟਮੈਂਟ ਲੈੱਟਰ ਤੇ ਵਿਸ਼ਵ ਪੱਧਰ ਦੇ ਮੁਕਾਬਲਿਆਂ ਵਿਚ ਜਿੱਤੇ ਸੋਨੇ ਚਾਂਦੀ ਦੇ ਮੈਡਲ ਦੇਖਣਾ ਚਾਹੁੰਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਲਗਭਗ ਹਰ ਤਬਕੇ ਨੇ ਫੋਨ ਕਰਕੇ ਆਖਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਵੱਡੇ-ਵੱਡੇ ਅਫਸਰਾਂ ਵਾਲੀਆਂ ਕੁਰਸੀਆਂ ’ਤੇ ਬੈਠਿਆ ਦੇਖਣਾ ਚਾਹੁੰਦੇ ਹਾਂ। ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਿੱਖਿਅਤ ਕਰਕੇ ਉਨ੍ਹਾਂ ਨੂੰ ਇਸ ਕਾਬਲ ਕਰੀਏ।

ਮੁੱਖ ਮੰਤਰੀ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਨਾਉਣਾ ਹੈ ਅਫਗਾਨਿਸਤਾਨ ਨਹੀਂ। ਕਿਸੇ ਬੇਗਾਨੀ ਪੁੱਤ ਨੂੰ ਹਥਿਆਰ ਚੁੱਕਣ ਲਈ ਕਹਿਣਾ ਬਹੁਤ ਆਸਾਨ ਹੈ, ਬੇਗਾਨੇ ਪੁੱਤਾਂ ਨੂੰ ਮਰਨ ਵਾਲੀਆਂ ਗੱਲਾਂ ਸਿਖਾਉਣੀਆਂ ਬਹੁਤ ਸੋਖੀਆਂ ਹਨ ਪਰ ਜਦੋਂ ਆਪਣੇ ’ਤੇ ਪੈਂਦੀ ਹੈ ਪਤਾ ਉਦੋਂ ਲੱਗਦਾ ਹੈ। ਜਵਾਨੀ ਨੂੰ ਭੜਕਾਉਣ ਵਾਲਿਆਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਭੁੱਲ ਜਾਣ ਕਿ ਪੰਜਾਬ ਦੀਆਂ ਭਾਈਚਾਰਕ ਸਾਂਝ ਵਿਚ ਤਰੇੜ ਪਾ ਦੇਣਗੇ। ਆਮ ਆਦਮੀ ਪਾਰਟੀ ਸਰਕਾਰ ਬਨਾਉਣਾ ਵੀ ਜਾਣਦੀ ਹੈ, ਸਰਕਾਰ ਚਲਾਉਣਾ ਵੀ ਜਾਣਦੀ ਹੈ ਅਤੇ ਲੋਕਾਂ ਦਾ ਦਿੱਲ ਜਿੱਤਣਾ ਵੀ ਜਾਣਦੀ ਹੈ। ਲੋਕ ਮੇਰੇ ’ਤੇ ਵਿਸ਼ਵਾਸ ਰੱਖਣ ਮੈਂ ਲੋਕਾਂ ਦਾ ਭਰੋਸਾ ਕਿਸੇ ਕੀਮਤ ’ਤੇ ਨਹੀਂ ਟੁੱਟਣ ਦੇਵਾਂਗਾ।

Leave a Reply

Your email address will not be published. Required fields are marked *