ਚੰਡੀਗੜ੍ਹ : ਪੁਲਸ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਗ੍ਰਿਫ਼ਤਾਰ ਕੀਤੇ ਗਏ ਸਾਥੀਆਂ ਤੋਂ ਹਥਿਆਰ, ਵੱਡੀ ਗਿਣਤੀ ਵਿਚ ਕਾਰਤੂਸ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਇਸ ਸੰਬੰਧੀ ਪੁਲਸ ਨੇ ਮਾਮਲਾ ਦਰਜੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਰਾਮਦ ਕੀਤੇ ਗਏ ਹਥਿਆਰਾਂ ਅਤੇ ਕਾਰਤੂਸਾਂ ਦੀ ਪੁਲਸ ਨੇ ਬਕਾਇਦਾ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਪੁਲਸ ਵਲੋਂ ਟਵਿੱਟਰ ’ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਐੱਫ. ਆਈ. ਆਰ. ਨੰਬਰ 48 ਮਿਤੀ 21.03.2023 ਧਾਰਾ 212/216 ਆਈ. ਪੀ. ਸੀ. 25/27/54/59 ਆਰਸ ਐਕਟ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਵਿਚ ਦਰਜ ਕੀਤੀ ਗਈ ਹੈ।
ਪੁਲਸ ਮੁਤਾਬਕ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਬਲਬੀਰ ਸਿੰਘ ਵਾਸੀ ਗੁਦਰਾ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਜਿਸ ਨੂੰ 21 ਤਾਰੀਖ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੋਂ ਇਕ ਪਿਸਤੌਲ 30 ਬੋਰ, 40 ਕਾਰਤੂਸ 45 ਬੋਰ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪਪਲਪ੍ਰੀਤ ਸਿੰਘ ਦਾ 315 ਬੋਰ ਰਾਇਫਲ 66 ਕਾਰਤੂਸ ਬਰਾਮਦ ਹੋਏ ਹਨ, ਇਹ ਕਬੂਲਨਾਮਾ ਗੁਰਭੇਜ ਭੇਜਾ ਨੇ ਕੀਤਾ ਹੈ। ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਹਥਿਆਰ ISUZU ਕਾਰ ਜਿਸ ਦਾ ਨੰਬਰ ਪੀ. ਬੀ. 10 ਐੱਫ. ਡਬਲਯੂ 6797 ਹੈ ’ਚੋਂ ਰਿਕਵਰ ਹੋਏ ਹਨ।