ਹੁਸ਼ਿਆਰਪੁਰ : ਖਾਲਿਸਤਾਨ ਸਮਰਥਕ ਤੇ ਵੱਖਵਾਦੀ ਅੰਮ੍ਰਿਤਪਾਲ ਸਿੰਘ ਨੂੰ ਭੱਜਣ ’ਚ ਮਦਦ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੋਟਲਾਨੋਧ ਸਿੰਘ ਦਾ ਹਰਪ੍ਰੀਤ ਸਿੰਘ ਹੈਪੀ ਵੀ ਸ਼ਾਮਲ ਹੈ। ਮੰਗਲਵਾਰ ਦੀ ਸ਼ਾਮ ਨੂੰ ਆਈਜੀ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ’ਚ ਇਹ ਜਾਣਕਾਰੀ ਮਿਲਦਿਆਂ ਹੀ ਪਿੰਡ ਵਾਸੀ ਹੈਰਾਨ ਰਹਿ ਗਏ।
ਪੁਲਿਸ ਵੱਲੋਂ ਅਧਿਕਾਰਤ ਤੌਰ ’ਤੇ ਗਿ੍ਰਫਤਾਰੀ ਦੀ ਪੁਸ਼ਟੀ ਕਰਨ ਦੇ ਬਾਵਜੂਦ ਹਰਪ੍ਰੀਤ ਹੈਪੀ ਦਾ ਪਿਤਾ ਨਿਰਮਲ ਸਿੰਘ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਪਿੰਡ ਦੇ ਇਕ ਵਿਅਕਤੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਅੰਦਾਜ਼ਨ 35 ਸਾਲ ਦਾ ਹੈਪੀ ਦੁਬਈ ਰਹਿੰਦਾ ਸੀ। ਡਿਸਕ ਦੀ ਸਮੱਸਿਆ ਹੋਣ ਕਾਰਨ ਕੁਝ ਸਮਾਂ ਪਹਿਲਾਂ ਹੀ ਉਹ ਪਿੰਡ ਪਰਤਿਆ ਸੀ। ਇਥੇ ਪਿਤਾ ਨਿਰਮਲ ਸਿੰਘ ਨਾਲ ਖੇਤੀ ਦਾ ਕੰਮ ਕਰਨ ਦੇ ਨਾਲ ਨਾਲ ਹੈਪੀ ਭੀਖੋਵਾਲ ’ਚ ਕਾਰਾਂ ਦੀ ਖਰੀਦ-ਵੇਚ ਦਾ ਕੰਮ ਵੀ ਕਰਦਾ ਸੀ। ਹੈਪੀ ਕੁਆਰਾ ਹੈ। ਪਰਿਵਾਰ ਉਸ ਤੋਂ ਇਲਾਵਾ ਪਿਤਾ ਨਿਰਮਲ ਸਿੰਘ ਤੇ ਮਾਂ ਹੀ ਹੈ।ਸੂਤਰਾਂ ਅਨੁਸਾਰ ਹੈਪੀ ਦਾ ਮਾਮਾ ਅਮਰੀਕਾ ’ਚ ਰਹਿੰਦਾ ਹੈ। ਉਸਦੀ ਨਲੋਈਆਂ ’ਚ ਕੋਠੀ ਹੈ। ਮਾਮੇ ਦਾ ਸੋਮਵਾਰ ਨੂੰ ਵਿਦੇਸ਼ ਤੋਂ ਹੈਪੀ ਨੂੰ ਫੋਨ ਆਇਆ ਸੀ ਕਿ ਕੁਝ ਲੋਕ ਨਲੋਈਆਂ ਚੌਕ ਸਥਿਤ ਕੋਠੀ ’ਚ ਆਉਣ ਵਾਲੇ ਹਨ। ਲਿਹਾਜ਼ਾ ਕੋਠੀ ਦੀ ਚਾਬੀ ਉਨ੍ਹਾਂ ਨੂੰ ਦੇ ਦੇਵੇ। ਉਸ ਤੋਂ ਬਾਅਦ ਹੀ ਪੁਲਿਸ ਨੇ ਹੈਪੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਗਿ੍ਰਫਤਾਰ ਕਰ ਲਿਆ। ਹਾਲਾਂਕਿ ਪੁਲਿਸ ਹਾਲੇ ਵੀ ਸਾਫ ਤੌਰ ’ਤੇ ਕੁਝ ਨਹੀਂ ਦੱਸ ਰਹੀ ਹੈ ਪਰ ਅਮਰੀਕਾ ਤੋਂ ਆਏ ਫੋਨ ’ਚ ਕੋਈ ਵੱਡਾ ਰਾਜ਼ ਲੁਕਿਆ ਹੈ, ਜਿਸ ਨੂੰ ਖੰਗਾਲਣ ਲਈ ਪੁਲਿਸ ਸਰਗਰਮ ਹੋ ਗਈ ਹੈ।