ਅੰਮ੍ਰਿਤਸਰ- ਬੀਤੇ ਕੁਝ ਦਿਨਾਂ ਤੋਂ ਪੰਜਾਬ ’ਚ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅਜੀਬ ਮਾਹੌਲ ਬਣਿਆ ਹੋਇਆ ਹੈ ਅਤੇ ਸੂਬੇ ਦੇ ਕਈ ਜ਼ਿਲ੍ਹਿਆਂ ਦੀ ਪੁਲਸ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ। ਇਸੇ ਦਰਮਿਆਨ ਹੁਣ ਇਕ ਹੋਰ ਇਨਪੁੱਟ ਸਾਹਮਣੇ ਆਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਦਾ ਨਾਂ ਅਵਤਾਰ ਸਿੰਘ ਖੰਡਾ ਨਾਲ ਜੁੜਿਆ ਹੋਇਆ ਹੈ। ਉਹ ਬੱਬਰ ਖਾਲਸਾ ਦੇ ਮੁਖੀ ਪਰਮਜੀਤ ਸਿੰਘ ਪੰਮਾ ਲਈ ਕੰਮ ਕਰ ਰਿਹਾ ਹੈ ਅਤੇ ਬੱਬਰ ਖਾਲਸਾ ਯੂ. ਕੇ. ਨੂੰ ਅੱਪਡੇਟ ਕਰਨ ਵਿਚ ਪੂਰੀ ਤਰ੍ਹਾਂ ਸਰਗਰਮ ਹੈ।
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੌਜੂਦਾ ਸਮੇਂ ’ਚ ਬੱਬਰ ਖਾਲਸਾ ਵਲੋਂ ਜੰਮੂ-ਕਸ਼ਮੀਰ ਅਤੇ ਪੰਜਾਬ ’ਚ ਸ਼ਾਂਤੀ ਨੂੰ ਭੰਗ ਕਰਨ ਲਈ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਇਸ ਤਹਿਤ ‘ਕੇ-2’ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ’ਚ ਭੜਕਾਊ ਗਤੀਵਿਧੀਆਂ ਅਤੇ ਇਸਦੇ ਨਾਲ ਹੀ ਪੰਜਾਬ ’ਚ ਖ਼ਾਲਿਸਤਾਨ ਮੂਵਮੈਂਟ ਨੂੰ ਸਰਗਰਮ ਕਰਨ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਖ਼ਾਲਿਸਤਾਨ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਉਤਸ਼ਾਹ ਦੇਣ ਲਈ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਪਰਮਜੀਤ ਸਿੰਘ ਪੰਮਾ ਅਤੇ ਅਵਤਾਰ ਸਿੰਘ ਖੰਡਾ ਵਲੋਂ ਅੰਮ੍ਰਿਤਪਾਲ ਨੂੰ ਪੰਜਾਬ ’ਚ ਭੇਜਿਆ ਗਿਆ ਸੀ ਤਾਂ ਜੋ ਪੰਜਾਬ ’ਚ ਇਸ ਪ੍ਰਚਾਰ ਅਤੇ ਪ੍ਰਸਾਰ ਦੀਆਂ ਗਤੀਵਿਧੀਆਂ ਨੂੰ ਉਤਸ਼ਾਹ ਦੇਵੇ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਜੋ ਵੀ ਘਟਨਾਕ੍ਰਮ ਸਾਹਮਣੇ ਆਇਆ ਹੈ, ਉਸ ਦੀਆਂ ਤਾਰਾਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਵੀ ਜੁੜੀਆਂ ਹੋਣ ਦਾ ਪੂਰਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਵੀ ਇਸ ਪੂਰੇ ਪ੍ਰਾਜੈਕਟ ਦੇ ਪਿੱਛੇ ਲੁਕ-ਛੁਪ ਕੇ ਕੰਮ ਕਰ ਰਹੀ ਹੈ।
ਸੂਤਰ ਦੱਸਦੇ ਹਨ ਕਿ ਅੰਮ੍ਰਿਤਪਾਲ ਨੂੰ ਪਾਕਿਸਤਾਨ ਵਿਚ ਹੀ ਨਹੀਂ ਸਗੋਂ ਯੂਰਪ ਦੇ ਕੁਝ ਦੇਸ਼ਾਂ ਤੋਂ ਵੀ ਅਜਿਹੇ ਲੋਕ ਸਮਰਥਨ ਅਤੇ ਫੰਡਿੰਗ ਦੇ ਰਹੇ ਹਨ, ਜਿਨ੍ਹਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਖ਼ਾਲਿਸਤਾਨ ਦੇ ਸਮਰਥਨ ਵਿਚ ਆਪਣੀਆਂ ਗਤੀਵਿਧੀਆਂ ਨੂੰ ਉੱਥੇ ਵੀ ਜਾਰੀ ਰੱਖਿਆ ਹੋਇਆ ਹੈ। ਪਿਛਲੇ ਦਿਨੀਂ ਲੰਡਨ ’ਚ ਖ਼ਾਲਿਸਤਾਨ ਸਮਰਥਕਾਂ ਵਲੋਂ ਭਾਰਤੀ ਦੂਤਘਰ ’ਤੇ ਹਮਲਾ ਕੀਤਾ ਗਿਆ ਹੈ ਅਤੇ ਖ਼ਾਲਿਸਤਾਨ ਦੇ ਝੰਡੇ ਲਗਾਏ ਗਏ ਹਨ। ਉਪਰੋਕਤ ਘਟਨਾਕ੍ਰਮ ਵੀ ਅੰਮ੍ਰਿਤਪਾਲ ਦੇ ਸਮਰਥਨ ਨਾਲ ਜੁੜਿਆ ਹੋਇਆ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਲੰਡਨ ਵਿਚ ਵਾਪਰੇ ਘਟਨਾਕ੍ਰਮ ਦਾ ਉਥੋਂ ਦੇ ਸਿੱਖ ਭਾਈਚਾਰੇ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ ਅਤੇ ਭਾਰਤੀ ਤਿਰੰਗੇ ਦੇ ਸਨਮਾਨ ਵਿੱਚ ਉੱਥੋਂ ਦੇ ਘਟਨਾਕ੍ਰਮ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ।
ਸੂਤਰ ਦੱਸਦੇ ਹਨ ਕਿ ਇਸ ਸਮੇਂ ਅੰਮ੍ਰਿਤਪਾਲ ਦੇ ਵਿਸ਼ੇ ‘ਤੇ ਸਿਰਫ਼ ਭਾਰਤੀ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਕੁਝ ਸੂਬਿਆਂ ਅਤੇ ਵਿਦੇਸ਼ਾਂ ‘ਚ ਵੀ ਅਜਿਹੀਆਂ ਕਈ ਗਤੀਵਿਧੀਆਂ ਚੱਲ ਰਹੀਆਂ ਹਨ, ਜੋ ਭਾਰਤ ਦੀਆਂ ਖੁਫ਼ੀਆ ਅਤੇ ਸੁਰੱਖਿਆ ਏਜੰਸੀਆਂ ਦੇ ਰਡਾਰ ’ਤੇ ਹਨ।