ਸ੍ਰੀ ਅਨੰਦਪੁਰ ਸਾਹਿਬ/ਗੁਰਦਾਸਪੁਰ- ਹੋਲੇ-ਮਹੱਲੇ ਦੌਰਾਨ ਸ਼ਰੇਆਮ ਕਤਲ ਕੀਤੇ ਗਏ ਐੱਨ. ਆਰ. ਆਈ. ਪ੍ਰਦੀਪ ਸਿੰਘ ਦੇ ਮਾਮਲੇ ‘ਚ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਸਾਫ਼ ਦਿੱਸ ਰਿਹਾ ਹੈ ਕਿ ਕਿਵੇਂ ਪ੍ਰਦੀਪ ਸਿੰਘ ਦਾ ਹੋਲ-ਮਹੱਲੇ ਦੌਰਾਨ ਕਤਲ ਕੀਤਾ ਗਿਆ ਹੈ। ਵਾਇਰਲ ਹੋ ਰਹੀ ਵੀਡੀਓ ਵਿਚ ਇਹ ਦਿੱਸ ਰਿਹਾ ਹੈ ਕਿ ਪਹਿਲਾਂ ਪ੍ਰਦੀਪ ਸਿੰਘ ਅਤੇ ਕੁਝ ਨੌਜਵਾਨਾਂ ਵਿਚਾਲੇ ਝਗੜਾ ਹੁੰਦਾ ਹੈ ਅਤੇ ਬਾਅਦ ਵਿਚ ਇਕ-ਦੂਜੇ ਵਿਚਾਲੇ ਤਲਵਾਰਾਂ ਤੱਕ ਚੱਲ ਜਾਂਦੀਆਂ ਹਨ। ਝਗੜੇ ਦੌਰਾਨ ਪ੍ਰਦੀਪ ਸਿੰਘ ਵੀ ਨੌਜਵਾਨ ਸਤਬੀਰ ਸਿੰਘ ‘ਤੇ ਤਲਵਾਰ ਨਾਲ ਹਮਲਾ ਕਰ ਰਿਹਾ ਹੈ। ਜਦੋਂ ਪ੍ਰਦੀਪ ਸਿੰਘ ਵੱਲੋਂ ਸਤਬੀਰ ਸਿੰਘ ‘ਤੇ ਹਮਲਾ ਕੀਤਾ ਜਾਂਦਾ ਹੈ ਤਾਂ ਸਤਬੀਰ ਸਿੰਘ ਉਥੇ ਹੀ ਡਿੱਗ ਪੈਂਦਾ ਹੈ। ਮੌਕੇ ‘ਤੇ ਕਾਫ਼ੀ ਭੀੜ ਨਜ਼ਰ ਆ ਰਹੀ ਹੈ। ਫਿਰ ਨਿਹੰਗ ‘ਤੇ ਨੌਜਵਾਨਾਂ ਵੱਲੋਂ ਪ੍ਰਦੀਪ ਸਿੰਘ ‘ਤੇ ਤਲਵਾਰਾਂ ਨਾਲ ਹਮਲਾ ਹੁੰਦਾ ਹੈ।
ਇਥੇ ਦੱਸ ਦਈਏ ਕਿ ਸਤਬੀਰ ਸਿੰਘ ਉਹੀ ਨੌਜਵਾਨ ਹੈ, ਜਿਸ ਨੂੰ ਪੁਲਸ ਵੱਲੋਂ ਐੱਨ. ਆਰ. ਆਈ. ਪ੍ਰਦੀਪ ਸਿੰਘ ਦੇ ਕਤਲ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਇਸ ਸਮੇਂ ਸਤਬੀਰ ਸਿੰਘ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਸਤਬੀਰ ਸਿੰਘ ‘ਤੇ ਹੋਏ ਹਮਲੇ ਦੌਰਾਨ ਉਸ ਦੇ ਹੱਥ ਵੱਢ ਦਿੱਤੇ ਗਏ ਸਨ। ਸਤਬੀਰ ਦੇ ਪਰਿਵਾਰ ਵੱਲੋਂ ਵੀ ਪ੍ਰਦੀਪ ਸਿੰਘ ‘ਤੇ ਦੋਸ਼ ਇਹ ਲਗਾਏ ਸਨ ਕਿ ਜੇਕਰ ਸਤਬੀਰ ਸਿੰਘ ਦੇ ਹੱਥ ਹੀ ਵੱਢ ਦਿੱਤੇ ਗਏ ਸਨ ਤਾਂ ਉਹ ਪ੍ਰਦੀਪ ਸਿੰਘ ਦਾ ਕਤਲ ਕਿਵੇਂ ਕਰ ਸਕਦਾ ਹੈ। ਸ਼ਰੇਆਮ ਇਕ-ਦੂਜੇ ‘ਤੇ ਚੱਲੀਆਂ ਤਲਵਾਰਾਂ ਦੌਰਾਨ ਹਮਲੇ ਵਿਚ ਪ੍ਰਦੀਪ ਸਿੰਘ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਨਾਲ ਜਿੱਥੇ ਪੁਲਸ ਪ੍ਰਸ਼ਾਸਨ ‘ਤੇ ਵੀ ਸਵਾਲ ਖੜ੍ਹੇ ਹੁੰਦੇ ਹਨ, ਉਥੇ ਹੀ ਸਾਹਮਣੇ ਆਈ ਕਤਲ ਦੀ ਇਸ ਵੀਡੀਓ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।