ਧਰਮਕੋਟ , ਪੰਜਾਬ ਪੁਲੀਸ ਨੇ ਹਲਕੇ ਦੇ ਪਿੰਡ ਮਰਦਾਰਪੁਰ ਦੇ ਪੰਜ ਨਸ਼ਾ ਤਸਕਰਾਂ ਦੀ ਪੌਣੇ ਤਿੰਨ ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ। ਉਪ ਮੰਡਲ ਅਧਿਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਗੈਰ ਕਾਨੂੰਨੀ ਧੰਦੇ ਨਾਲ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕਰਨ ਸਬੰਧੀ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਮਰਦਾਰਪੁਰ ਦੇ ਪੰਜ ਨਸ਼ਾ ਤਸਕਰਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਚਾਰ ਨਸ਼ਾ ਤਸਕਰਾਂ ਕੋਲੋਂ 52 ਕਿਲੋ ਪੋਸਤ ਚੂਰਾ ਫੜ੍ਹੇ ਜਾਣ ਤੋਂ ਬਾਅਦ ਇਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਅਮਲ ਸ਼ੁਰੂ ਕੀਤਾ ਗਿਆ ਸੀ। ਇਸ ਸਬੰਧੀ ਦਰਜ ਕੇਸ ਵਿਚ ਨਾਮਜ਼ਦ ਉਕਤ ਦੋਸ਼ੀ ਨਿਸ਼ਾਨ ਸਿੰਘ ਅਤੇ ਵੀਰ ਸਿੰਘ ਪੁੱਤਰ ਬੋਹੜ ਸਿੰਘ , ਸੁਖਵਿੰਦਰ ਸਿੰਘ, ਸੋਨਾ ਸਿੰਘ ਪੁੱਤਰ ਗੁਰਮੁੱਖ ਸਿੰਘ ਅਤੇ ਸੁਰਜੀਤ ਸਿੰਘ ਕੀੜੂ ਦੀ 2 ਕਰੋੜ 78 ਲੱਖ ਰੁਪਏ ਦੀ ਨਸ਼ਾ ਤਸਕਰੀ ਨਾਲ ਬਣਾਈ ਗਈ ਜਾਇਦਾਦ ਨੂੰ ਸਰਕਾਰੀ ਅਮਲ ਪੂਰਾ ਕਰਨ ਤੋਂ ਬਾਅਦ ਜ਼ਬਤ ਕੀਤਾ ਗਿਆ ਹੈ।
ਪੁਲੀਸ ਨੇ ਜ਼ਬਤ ਕੀਤੀ ਜਾਇਦਾਦ ਉੱਤੇ ਨੋਟਿਸ ਚਿਪਕਾ ਦਿੱਤੇ ਹਨ। ਡੀਐੱਸਪੀ ਰਮਨਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਨਸ਼ਾ ਤਸਕਰੀ ਦੇ ਗੈਰ ਕਾਨੂੰਨੀ ਧੰਦੇ ਵਿੱਚ ਲੱਗੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਕਾਰਵਾਈ ਦੌਰਾਨ ਥਾਣਾ ਮੁਖੀ ਅਨਵਰ ਹੁਸੈਨ, ਥਾਣਾ ਕੋਟ ਈਸੇ ਖਾਂ ਦੇ ਮੁਖੀ ਸੁਨੀਤਾ ਬਾਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਹਾਜ਼ਰ ਸਨ।