ਈਟਾਨਗਰ- ਪੂਰਬੀ ਨਾਗਾ ਰਾਸ਼ਟਰੀ ਸਰਕਾਰ (ਈ.ਐੱਨ.ਐੱਨ.ਜੀ.) ਦੇ 15 ਅੱਤਵਾਦੀਆਂ ਨੇ ਸੰਗਠਨ ਮੁਖੀ ਤੋਸ਼ਾਮ ਮੋਸਾਂਗ ਨਾਲ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਇੱਥੇ ਪੁਲਸ ਹੈੱਡਕੁਆਰਟਰ ਵਿਖੇ ਘਰ ਵਾਪਸੀ ਸਮਾਰੋਹ ਦੌਰਾਨ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਆਤਮ-ਸਮਰਪਣ ਕੀਤਾ।
ਇਨ੍ਹਾਂ ’ਚ ਚੀਨ ਦੇ ਬਣੇ ਐਮਕਿਊ ਸੀਰੀਜ਼ ਦੇ 9 ਹਥਿਆਰ, 2 ਏਕੇ-47 ਰਾਈਫਲਾਂ, ਇਕ ਚੀਨੀ ਬਣੀ ਪਿਸਤੌਲ, 19 ਮੈਗਜ਼ੀਨ, ਗੋਲਾ-ਬਾਰੂਦ, 4 ਚੀਨੀ ਹੈਂਡ ਗ੍ਰੇਨੇਡ ਅਤੇ ਕਈ ਹੋਰ ਹਥਿਆਰ ਸ਼ਾਮਲ ਹਨ। ਇਸ ਘਟਨਾ ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਖਾਂਡੂ ਨੇ ਅੱਤਵਾਦੀਆਂ ਨੂੰ ਹਿੰਸਾ ਛੱਡਣ ਅਤੇ ਰਾਸ਼ਟਰੀ ਮੁੱਖ ਧਾਰਾ ‘ਚ ਸ਼ਾਮਲ ਹੋਣ ਲਈ ਸਮਝਾਉਣ ‘ਚ ਆਸਾਮ ਰਾਈਫਲਜ਼ ਅਤੇ ਰਾਜ ਪੁਲਸ ਵਲੋਂ ਗੱਲਬਾਤ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।