ਤਪਾ ਮੰਡੀ , 2 ਅਗਸਤ (ਦਲਜੀਤ ਸਿੰਘ)- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਘਟਣ ਤੋਂ ਬਾਅਦ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪੂਰੇ ਸੂਬੇ ‘ਚ ਅੱਜ ਤੋਂ ਸਾਰੀਆਂ ਜਮਾਤਾਂ ਲਈ ਸਕੂਲ ਖੁੱਲ੍ਹ ਗਏ ਹਨ। ਸਕੂਲ ਖੋਲ੍ਹਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਕੂਲਾਂ ‘ਚ ਹੁਣ ਪ੍ਰੀ-ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਸਾਰੀਆਂ ਜਮਾਤਾਂ ਪਹਿਲਾਂ ਵਾਂਗ (ਫਿਜ਼ੀਕਲ ਢੰਗ ਨਾਲ) ਚਲਾਈਆਂ ਜਾਣਗੀਆਂ। ਪੰਜਾਬ ਵਿਚ ਅੱਜ ਤੋਂ ਸਕੂਲ ਖੁੱਲ੍ਹ ਚੁੱਕੇ ਹਨ | ਐਲੀਮੈਂਟਰੀ ਸਕੂਲ ਓਠੀਆਂ ਵਿਚ ਅੱਜ ਰੌਣਕਾਂ ਦੇਖਣ ਨੂੰ ਮਿਲੀਆਂ |
ਸਕੂਲ ਵਿਚ ਬੱਚਿਆਂ ਦੀ ਹਾਜ਼ਰੀ ਘੱਟ ਸੀ। ਦੂਜੇ ਪਾਸੇ ਮਮਦੋਟ ਤੇ ਪੇਂਡੂ ਖੇਤਰਾਂ ਵਿਚ ਵੀ ਸਕੂਲ ਖੁੱਲ੍ਹੇ ਪਰ ਪਹਿਲੇ ਦਿਨ ਖੁੱਲ੍ਹੇ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘੱਟ ਰਹੀ | ਸਰਕਾਰ ਵਲੋਂ ਜਾਰੀ ਕੋਵਿਡ-19 ਨਿਯਮਾਂ ਤਹਿਤ ਸਕੂਲ ਆਉਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਕੂਲ ਵਿਚ ਦਾਖ਼ਲੇ ਤੋਂ ਪਹਿਲਾਂ ਹੱਥਾਂ ਨੂੰ ਸੈਨੀਟਾਈਜ਼ ਅਤੇ ਬੁਖ਼ਾਰ ਚੈੱਕ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ |