ਓਲੰਪਿਕ ’ਚ ਕਮਲਪ੍ਰੀਤ ਅੱਜ ਤਮਗ਼ੇ ਲਈ ਕਰੇਗੀ ਮੁਕਾਬਲੇਬਾਜ਼ੀ

kamal/nawanpunjab.com

ਸਪੋਰਟਸ ਡੈਸਕ, 2 ਅਗਸਤ (ਦਲਜੀਤ ਸਿੰਘ)- ਪੰਜਾਬ ਦੀ ਕਮਲਪ੍ਰੀਤ ਕੌਰ ਨੇ ਸ਼ਨੀਵਾਰ ਨੂੰ ਓਲੰਪਿਕ ਦੇ ਡਿਸਕਸ ਥ੍ਰੋਅ ਈਵੈਂਟ ’ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਕੇ ਫ਼ਾਈਨਲ ’ਚ ਜਗ੍ਹਾ ਬਣਾਈ। ਕਮਲਪ੍ਰੀਤ ਕੌਰ ਸਰਵਸ੍ਰੇਸ਼ਠ ਥ੍ਰੋਅ ਲਾਉਣ ’ਚ ਸੈਕੇਂਡ ਪੋਜ਼ੀਸ਼ਨ ’ਤੇ ਰਹੀ। ਹੁਣ ਡਿਸਕਸ ਥ੍ਰੋਅ ਦਾ ਮੁਕਾਬਲਾ ਸੋਮਵਾਰ ਨੂੰ ਹੋਵੇਗਾ। ਇਸ ’ਚ ਕਮਲਪ੍ਰੀਤ ਸਣੇ ਹੋਰਨਾ ਦੇਸ਼ਾਂ ਦੇ ਕੁਲ 12 ਖਿਡਾਰੀ ਹਿੱਸਾ ਲੈਣਗੇ। ਉਮੀਦ ਹੈ ਕਿ ਕਮਲਪ੍ਰੀਤ ਕੌਰ ਦੇਸ਼ ਲਈ ਤਮਗ਼ਾ ਜਿੱਤੇਗੀ। ਖਿਡਾਰੀ ਪ੍ਰਤੀ ਕੋਚ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਰ ਇਸ ਟੂਰਨਾਮੈਂਟ ’ਚ ਕੋਚ ਰਾਖੀ ਤਿਆਗੀ ਕਮਲਪ੍ਰੀਤ ਕੌਰ ਨਾਲ ਮੌਜੂਦ ਨਹੀਂ ਹੈ ਪਰ ਉਹ ਭਾਰਤ ’ਚ ਹੀ ਕਮਲਪ੍ਰੀਤ ਕੌਰ ਦੇ ਨਾਲ ਫ਼ੋਨ ’ਤੇ ਲਗਾਤਾਰ ਸੰਪਰਕ ਬਣਾਏ ਹੋਏ ਹੈ ਤਾਂ ਜੋ ਕਮਲਪ੍ਰੀਤ ਕੌਰ ਨਰਵਸ ਨਾ ਹੋਵੇ।

ਕੋਚ ਰਾਖੀ ਨੇ ਦੱਸਿਆ ਕਿ ਉਹ ਸਾਲ 2014 ਤੋਂ ਕਮਲਪ੍ਰੀਤ ਕੌਰ ਨੂੰ ਪ੍ਰੈਕਟਿਸ ਕਰਾ ਰਹੀ ਹੈ ਕਿਉਂਕਿ ਇਹ ਕਮਲਪ੍ਰੀਤ ਕੌਰ ਦਾ ਪਹਿਲਾ ਓਲੰਪਿਕ ਟੂਰਨਾਮੈਂਟ ਹੈ। ਇਸ ’ਚ ਕਈ ਵਾਰ ਖਿਡਾਰੀ ਨਰਵਸ ਹੋ ਜਾਂਦੇ ਹਨ ਤੇ ਇਸੇ ਘਬਰਾਹਟ ਕਾਰਨ ਉਹ ਆਪਣਾ ਸਰਵਸ੍ਰੇਸ਼ਠ ਪ੍ਰਦਰਸਨ ਕਰਨ ਤੋਂ ਖੁੰਝ ਜਾਂਦੇ ਹਨ। ਕਮਲਪ੍ਰੀਤ ਕੌਰ ਦੇ ਥ੍ਰੋਅ ਤੋਂ ਪਹਿਲਾਂ ਕੋਚ ਨੇ ਕਾਫ਼ੀ ਲੰਬੇ ਸਮੇਂ ਤਕ ਉਸ ਨਾਲ ਗੱਲ ਕੀਤੀ ਤੇ ਉਸ ਨੂੰ ਦੁਨੀਆ ਤੋਂ ਧਿਆਨ ਹਟਾ ਕੇ ਸਿਰਫ਼ ਆਪਣੀ ਥ੍ਰੋਅ ’ਤੇ ਫ਼ੋਕਸ ਕਰਨ ਨੂੰ ਕਿਹਾ। ਹਾਲਾਂਕਿ ਸ਼ੁਰੂਆਤ ਦੀ ਪਹਿਲੀ ਥ੍ਰੋਅ ਜ਼ਿਆਦਾ ਕਾਮਯਾਬ ਨਹੀਂ ਰਹੀ ਪਰ ਉਸ ਤੋਂ ਬਾਅਦ ਕਮਲਪ੍ਰੀਤ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਫ਼ਾਈਨਲ ’ਚ ਜਗ੍ਹਾ ਬਣਾਈ। ਉਹ ਪੂਲ ਬੀ ’ਚ ਸੈਕੇਂਡ ਪੋਜ਼ੀਸ਼ਨ ’ਤੇ ਬਣੀ ਹੋਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕਮਲਪ੍ਰੀਤ ਆਪਣੇ ਪ੍ਰਦਰਸ਼ਨ ਨਾਲ ਭਾਰਤ ਲਈ ਤਮਗ਼ਾ ਜਿੱਤੇਗੀ।

Leave a Reply

Your email address will not be published. Required fields are marked *