ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਗਰ ਨਿਗਮ ‘ਚ ਡਿਪਟੀ ਮੇਅਰ ਲਈ ਹੋਈ ਚੋਣ ‘ਚ ਆਮ ਆਦਮੀ ਪਾਰਟੀ ਦੇ ਆਲੇ ਮੁਹੰਮਦ ਇਕਬਾਲ ਨੇ ਭਾਰਤੀ ਜਨਤਾ ਪਾਰਟੀ ਦੇ ਕਮਲ ਬਾਗੜੀ ਨੂੰ 31 ਵੋਟਾਂ ਨਾਲ ਹਰਾਇਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਨਗਰ ਨਿਗਮ ‘ਚ ਹੋਈ ਚੋਣ ‘ਚ ਇਕਬਾਲ ਨੂੰ 147 ਵੋਟ ਮਿਲੇ, ਜਦੋਂ ਕਿ ਬਾਗੜੀ ਨੂੰ 116 ਵੋਟ ਮਿਲੇ। ਇਸ ਤੋਂ ਪਹਿਲੇ ਦਿਨ ‘ਚ, ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ ਹਰਾ ਕੇ ਦਿੱਲੀ ਦੇ ਮੇਅਰ ਅਹੁਦੇ ‘ਤੇ ਕਬਜ਼ਾ ਕਰ ਲਿਆ।
ਦਿੱਲੀ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਐੱਮ.ਸੀ.ਡੀ. ਦੀ ਇਹ ਚੌਥੀ ਕੋਸ਼ਿਸ਼ ਸੀ। ਨਾਮਜ਼ਦ ਮੈਂਬਰਾਂ ਨੂੰ ਵੋਟ ਦੇਣ ਦੇ ਅਧਿਕਾਰ ਨੂੰ ਲੈ ਕੇ ਹੰਗਾਮੇ ਦਰਮਿਆਨ ਪਿਛਲੀਆਂ ਤਿੰਨ ਚੋਣਾਂ ਨਹੀਂ ਹੋ ਸਕੀਆਂ ਸਨ। ਇਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ‘ਚ ਗਿਆ, ਜਿਸ ‘ਚ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਦਿੱਤਾ ਕਿ ਉੱਪ ਰਾਜਪਾਲ ਵਲੋਂ ਨਾਮਜ਼ਦ ਮੈਂਬਰ ਮੇਅਰ ਦੀ ਚੋਣ ‘ਚ ਵੋਟ ਨਹੀਂ ਦੇ ਸਕਦੇ ਹਨ। ਦਿੱਲੀ ਦਾ ਡਿਪਟੀ ਮੇਅਰ ਚੁਣੇ ਜਾਣ ਤੋਂ ਬਾਅਦ ਇਕਬਾਲ ਨੇ ਕਿਹਾ,”ਅਸੀਂ ਬਹੁਤ ਕੰਮ ਕਰਨਾ ਹੈ ਅਤੇ ਪਾਰਟੀ ਦੀਆਂ 10 ਗਾਰੰਟੀਆਂ ਨੂੰ ਪੂਰਾ ਕਰਨਾ ਸਾਡੀ ਪਹਿਲ ਹੈ।’