ਨਰਪਾਲ ਸਿੰਘ ਸ਼ੇਰਗਿੱਲ ਦਾ ‘24ਵਾਂ ਸਾਲਾਨਾ ਪੰਜਾਬੀ ਸੰਸਾਰ’ ਮਾਰਗ ਦਰਸ਼ਕ ਸਾਬਤ ਹੋਵੇਗਾ


ਸੰਸਾਰ ਵਿੱਚ ਕੋਈ ਅਜਿਹਾ ਕੰਮ ਨਹੀਂ ਹੁੰਦਾ ਜਿਸ ਨੂੰ ਪੂਰਾ ਨਾ ਕੀਤਾ ਜਾ ਸਕੇ ਪ੍ਰੰਤੂ ਕਰਨ ਵਾਲੇ ਇਨਸਾਨ ਦਾ ਇਰਾਦਾ ਮਜ਼ਬੂਤ ਅਤੇ ਨਿਸ਼ਾਨੇ ਤੇ ਪਹੁੰਚਣ ਦੀ ਇੱਛਾ ਸ਼ਕਤੀ ਹੋਣੀ ਜ਼ਰੂਰੀ ਹੈ। ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਬਰਾਬਰ ਕੰਮ ਕਰਦੇ ਰਹਿੰਦੇ ਹਨ ਪ੍ਰੰਤੂ ਉਸ ਦਾ ਪ੍ਰਚਾਰ ਨਹੀਂ ਕਰਦੇ। ਅਜਿਹੇ ਵਿਅਕਤੀਆਂ ਵਿੱਚ ਇਕ ਸ੍ਰੀ ਗਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦਾ ਮੁੱਦਈ ਨਰਪਾਲ ਸਿੰਘ ਸ਼ੇਰਗਿੱਲ ਹੈ, ਜਿਹੜਾ ਲਗਾਤਾਰ ਪਿਛਲੀੇ ਲਗਪਗ 60 ਸਾਲਾਂ ਤੋਂ ਪੰਜਾਬ, ਪੰਜਾਬੀ ਸਭਿਅਚਾਰ, ਸਾਹਿਤ ਅਤੇ ਪੰਜਾਬੀ ਪੱਤਰਕਾਰੀ ਵਿੱਚ ਵਿਲੱਖਣ ਕਾਰਜ ਕਰਦਾ ਆ ਰਿਹਾ ਹੈ। ਉਹ ਆਪਣੀ ਅਮੀਰ ਵਿਰਾਸਤ ਤੇ ਪਹਿਰਾ ਦੇ ਰਿਹਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੀ ਵਿਰਾਸਤ ਨੂੰ ਸਮਝ ਸਕੇ। ਨਰਪਾਲ ਸਿੰਘ ਸ਼ੇਰਗਿੱਲ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਪੰਜਾਬੀਆਂ ਦੀ ਸੱਚੇ ਦਿਲੋਂ ਸੇਵਾ ਕਰਦਾ ਆ ਰਿਹਾ ਹੈ। ਜੇ ਮੈਂ ਇਹ ਕਹਾਂ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਉਹ ਸਮੁੱਚੇ ਸੰਸਾਰ ਨੂੰ ਪੰਜਾਬੀਆਂ ਵੱਲੋਂ ਹਰ ਖੇਤਰ ਵਿੱਚ ਪਾਏ ਜਾ ਰਹੇ ਵਰਣਨਯੋਗ ਯੋਗਦਾਨ ਦੀ ਜਾਣਕਾਰੀ ਦੇ ਕੇ ਪੰਜਾਬੀਆਂ ਦਾ ਪੰਜਾਬ ਹਿਤੈਸ਼ੀ ਪ੍ਰਤੀਨਿਧ ਬਣ ਗਿਆ ਹੈ, ਜਿਹੜਾ ਸਹੀ ਅਰਥਾਂ ਵਿੱਚ ਪੰਜਾਬ ਹਿਤੈਸ਼ੀ ਕਹਾਉਣ ਦਾ ਹੱਕਦਾਰ ਬਣਿਆਂ ਹੈ। ਉਹ 1966 ਵਿੱਚ ਇੰਗਲੈਂਡ ਪਹੁੰਚ ਗਿਆ ਸੀ ਪ੍ਰੰਤੂ ਉਸ ਨੇ ਇੰਗਲੈਂਡ ਦੀ ਨਾਗਰਿਕਤਾ ਨਹੀਂ ਲਈ, ਜਿਸ ਤੋਂ ਉਸ ਦਾ ਦੇਸ਼ ਅਤੇ ਪੰਜਾਬ ਨਾਲ ਸਮਰਪਣ ਦਾ ਪ੍ਰਗਟਾਵਾ ਹੁੰਦਾ ਹੈ। ਪੰਜਾਬ ਖਾਸ ਤੌਰ ‘ਤੇ ਆਪਣੇ ਪਿੰਡ ‘ਮਜਾਲ ਖੁਰਦ’ ਦੀ ਮਿੱਟੀ ਦਾ ਮੋਹ ਨਰਪਾਲ ਸਿੰਘ ਸ਼ੇਰਗਿੱਲ ਨੂੰ ਪੰਜਾਬ ਨਾਲ ਜੋੜੀ ਰਖਦਾ ਹੈ। ਆਪਣੀ ਜਨਮ ਭੂਮੀ ਪੰਜਾਬ ਨਾਲ ਉਸ ਦਾ ਮੋਹ ਕਮਾਲ ਦਾ ਹੈ, ਉਹ ਰਹਿੰਦਾ ਇੰਗਲੈਂਡ ਵਿੱਚ ਹੈ ਪ੍ਰੰਤੂ ਹਰ ਸਾਲ ਅੱਧਾ ਵਰ੍ਹਾ ਪੰਜਾਬ ਵਿੱਚ ਆ ਕੇ ਇਹ ਪੁਸਤਕ ਪ੍ਰਕਾਸ਼ਤ ਕਰਵਾਉਂਦਾ ਹੈ ਅਤੇ ਪੰਜਾਬ ਹਿਤੈਸ਼ੀ ਕੰਮ ਕਰਨ ਲਈ ਕਈ ਸਮਾਜਿਕ, ਸਭਿਆਚਾਰਕ ਅਤੇ ਪੱਤਰਕਾਰਾਂ ਦੀਆਂ ਸੰਸਥਾਵਾਂ ਨੂੰ ਪ੍ਰੇਰਤ ਕਰਦਾ ਰਹਿੰਦਾ ਹੈ। ਪਿਛਲੇ 24 ਸਾਲ ਤੋਂ ਉਹ ਲਗਾਤਾਰ ‘ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ’ ਵਡਆਕਾਰੀ ਰੰਗਦਾਰ ਪੁਸਤਕ ਪ੍ਰਕਾਸ਼ਤ ਕਰਦਾ ਆ ਰਿਹਾ ਹੈ। ਸਭ ਤੋਂ ਪਹਿਲਾਂ ਨਰਪਾਲ ਸਿੰਘ ਸ਼ੇਰਗਿੱਲ ਨੇ 1981 ਵਿੱਚ ਲੰਦਨ ਤੋਂ ਅੰਗਰੇਜ਼ੀ ਦਾ ਮਾਸਕ ਅਖ਼ਬਾਰ ‘ਦਾ ਪਾਲਿਟਿਕਸ’ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ। 1984 ਤੋਂ ਬਾਕਾਇਦਾ ਪੰਜਾਬੀ ਦੇ ਅਖ਼ਬਾਰਾਂ ਲਈ ਲੋਕ ਹਿਤਾਂ ‘ਤੇ ਪਹਿਰਾ ਦੇਣ ਵਾਲੇ ਲੇਖ ਲਿਖਣੇ ਸ਼ੁਰੂ ਕੀਤੇ, ਜਿਹੜੇ ਇੰਗਲੈਂਡ, ਕੈਨੇਡਾ, ਅਮਰੀਕਾ, ਜਰਮਨ, ਹਾਲੈਂਡ, ਫਰਾਂਸ ਅਤੇ ਆਸਟਰੇਲੀਆ ਦੇ 14 ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਸਨ। ਅੱਜ ਤੱਕ ਇਨ੍ਹਾਂ ਅਖ਼ਬਾਰਾਂ ਵਿੱਚ ਉਸ ਦੇ ਲੇਖ ਪ੍ਰਕਾਸ਼ਤ ਹੋ ਰਹੇ ਹਨ। ਫਿਰ ਜਲੰਧਰ ਤੋਂ ਪ੍ਰਕਾਸ਼ਤ ਹੋਣ ਵਾਲੇ ਅਜੀਤ ਅਖ਼ਬਾਰ ਲਈ ਇੰਗਲੈਂਡ ਤੋਂ ਲੇਖ ਲਿਖਣੇ ਸ਼ੁਰੂ ਕੀਤੇ ਜਿਹੜੇ ਪਰਵਾਸ ਵਿੱਚ ਵਸੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਸਮੱਸਿਆਵਾਂ ਨਾਲ ਸੰਬੰਧਤ ਹੁੰਦੇ ਸਨ। 1985 ਤੋਂ ‘ਇੰਟਰਨੈਸ਼ਨਲ ਸਿੱਖ ਡਾਇਰੈਕਟਰੀ’ ਜਿਸ ਵਿੱਚ ਲਗਪਗ 2000 ਗੁਰਦੁਆਰਿਆਂ ਤੇ ਸਿੱਖ ਸੰਸਥਾਵਾਂ ਦੇ ਐਡਰੈਸ ਸ਼ਾਮਲ ਸਨ ਅਤੇ 1998 ਤੋਂ ‘ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ’ ਨਾਂ ਦੀ ਪੁਸਤਕ ਪ੍ਰਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਚਰਚਾ ਅਧੀਨ ਪੁਸਤਕ ‘ਇੰਡੀਅਨ ਅਬਰਾਡ ਐਂਡ ਪੰਜਾਬ ਇਮਪੈਕਟ-22’ ਦਾ ‘24ਵਾਂ ਪੰਜਾਬੀ ਸੰਸਾਰ’ ਅੰਕ ਪ੍ਰਕਾਸ਼ਤ ਕੀਤਾ ਹੈ। ਇਸ ਪੁਸਤਕ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਕਈ ਨਵੇਂ ਚੈਪਟਰ/ਫੀਚਰ ਸ਼ੁਰੂ ਕੀਤੇ ਹਨ। ਇਹ ਪੁਸਤਕ ਭਾਰਤੀਆਂ/ਪੰਜਾਬੀਆਂ ਲਈ ਮਾਰਗ ਦਰਸ਼ਕ ਦਾ ਕੰਮ ਕਰਦੀ ਹੈ। ਇਸ ਪੁਸਤਕ ਵਿੱਚ ਸੰਸਾਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਭਾਰਤੀਆਂ/ਪੰਜਾਬੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਾਡੇ ਨੌਜਵਾਨ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਸੰਸਾਰ ਵਿੱਚ ਮਾਅਰਕੇ ਮਾਰ ਸਕਣ। ਪੁਸਤਕ ਵਿੱਚ ਭਾਰਤ ਦੀਆਂ ਸੰਸਾਰ ਵਿੱਚ ਅੰਬੈਸੀਆਂ ਅਤੇ ਹਾਈ ਕਮਿਸ਼ਨਜ਼ ਦੇ ਦਫਤਰਾਂ ਦੇ ਐਡਰੈਸ, ਪਤੇ ਅਤੇ ਈ ਮੇਲਜ਼ ਹਨ ਤਾਂ ਜੋ ਕਿਸੇ ਵੀ ਪਰਵਾਸੀ ਭਾਰਤੀ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਹੋਵੇ। ਇਸੇ ਤਰ੍ਹਾਂ ਸੰਸਾਰ ਵਿੱਚ ਵਸ ਰਹੇ ਮਹੱਤਵਪੂਰਨ ਭਾਰਤੀਆਂ ਖਾਸ ਤੌਰ ‘ਤੇ ਪੰਜਾਬੀਆਂ ਦੇ ਐਡਰੈਸ, ਈ ਮੇਲਜ਼, ਟੈਲੀਫੋਨ ਨੰਬਰ ਦਿੱਤੇ ਹੋਏ ਹਨ। 106 ਭਾਰਤੀਆਂ ਪੰਜਾਬੀਆਂ ਦੀ ਡਾਇਰੈਕਟਰੀ, 125 ਭਾਰਤੀਆਂ/ਪੰਜਾਬੀਆਂ ਵੱਲੋਂ ਚਲਾਈਆਂ ਜਾ ਰਹੀਆਂ ਸੰਸਥਾਵਾਂ, 672 ਗੁਰਦੁਆਰੇ, ਭਾਰਤ ਵਿਚਲੇ ਗੁਰਦੁਆਰੇ, 124 ਉਦਮੀਆਂ, 92 ਲਾਅ ਦਫਤਰ ਅਤੇ ਇਮੀਗਰੇਸ਼ਨ ਸਲਾਹਕਾਰ, ਟਰੈਵਲ ਟੂਰਜ਼, ਮਨੀ ਟਰਾਂਸਫਰ, ਹੋਟਲ ਰੈਸਟੋਰੈਂਟਸ, ਪੰਜਾਬੀ ਲੇਖਕ, ਪੇਂਟਰ, 51 ਕਿਸੇ ਵੀ ਖੇਤਰ ਵਿੱਚ ਪਹਿਲਕਦਮੀ ਕਰਨ ਵਾਲੇ ਵਿਅਕਤੀਆਂ, ਗਲੋਬਲ ਮੀਡੀਆ, ਅਖ਼ਬਾਰ ਆਦਿ ਦੀਆਂ ਸੂਚੀਆਂ ਦਿੱਤੀਆਂ ਗਈਆਂ ਹਨ। ਪੰਜਾਬ ਦੇ ਸਾਰੇ ਵਿਧਾਨਕਾਰਾਂ ਦੇ ਵੀ ਟੈਲੀਫੋਨ ਨੰਬਰ ਦਿੱਤੇ ਗਏ ਹਨ। ਜਿਹੜੇ 124 ਉਦਮੀਆਂ ਦੀ ਸੂਚੀ ਦਿੱਤੀ ਗਈ ਹੈ ਉਨ੍ਹਾਂ ਦੇ ਜੀਵਨ ਬਿਓਰੇ ਵੀ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਜੀਵਨ ਦੀ ਜਦੋਜਹਿਦ ਬਾਰੇ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਕਿਸ ਪ੍ਰਕਾਰ ਮਿਹਨਤ ਕਰਕੇ ਸੰਸਾਰ ਦੇ ਸਿਰਮੌਰ ਉਦਮੀ ਬਣੇ ਹਨ। ਸਿਆਸਤ ਵਿੱਚ ਜਿਹੜੇ ਭਾਰਤੀਆਂ/ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ ਉਨ੍ਹਾਂ ਦੀਆਂ ਰੰਗਦਾਰ ਤਸਵੀਰਾਂ ਅਤੇ ਜੀਵਨ ਬਿਓਰੇ ਦਿੱਤੇ ਗਏ ਹਨ। ਉਨ੍ਹਾਂ ਵਿੱਚ ਮੁੱਖ ਤੌਰ ਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸਟੇਟ ਦੇ ਸਾਬਕ ਪ੍ਰੀਮੀਅਰ ਉਜਲ ਦੋਸਾਂਝ, ਕੈਨੇਡਾ ਦੇ ਮੰਤਰੀ ਹਰਜੀਤ ਸਿੰਘ ਸਾਜਨ, ਨਵਦੀਪ ਸਿੰਘ, ਤਨਮਨਜੀਤ ਸਿੰਘ ਢੇਸੀ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਇੰਗਲੈਂਡ, ਵਰਿੰਦਰ ਸ਼ਰਮਾ ਚਾਰ ਵਾਰ ਲਗਾਤਾਰ ਐਮ.ਪੀ. ਇੰਗਲੈਂਡ, ਟਿਮ ਉਪਲ ਕੈਨੇਡਾ ਦਾ ਪਹਿਲਾ ਦਸਤਾਰਧਾਰੀ ਸਿੱਖ ਮੰਤਰੀ, ਪ੍ਰੀਤ ਕੌਰ ਗਿੱਲ ਪਹਿਲੀ ਸਿੱਖ ਇਸਤਰੀ ਐਮ.ਪੀ.ਇੰਗਲੈਂਡ, ਅਨੂਪ ਸਿੰਘ ਚੌਧਰੀ ਯੁਗਾਂਡਾ ਦੀ ਹਾਈ ਕੋਰਟ ਦੇ ਪਹਿਲੇ ਜੱਜ, ਗੁਰਭਜਨ ਸਿੰਘ ਗਿੱਲ ਅਤੇ ਰਾਵਿੰਦਰ ਰਵੀ ਪੰਜਾਬੀ ਸਾਹਿਤਕਾਰ, ਜਰਨੈਲ ਸਿੰਘ ਆਰਟਿਸਟ, ਪਲਬਿੰਦਰ ਕੌਰ ਸ਼ੇਰਗਿੱਲ ਪਹਿਲੀ ਦਸਤਾਰਧਾਰੀ ਸਿੱਖ ਕੈਨੇਡਾ ਦੀ ਹਾਈਕੋਰਟ ਦੀ ਜੱਜ, ਅਮਰ ਸਿੰਘ ਸ਼ਾਂਤ ਫਾਊਂਡਰ ਪਹਿਲੀ ਸਿੱਖ ਅਕਾਡਮੀ ਮਿਡਲਸੈਕਸ ਯੂ.ਕੇ. ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਸਰੋਕਾਰਾਂ ਨਾਲ ਸੰਬੰਧਤ ਨਾਮਵਰ ਲੇਖਕਾਂ ਦੇ ਲੇਖ ਵੀ ਦਿੱਤੇ ਗਏ ਹਨ। ਪੰਜਾਬ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਬਾਰੇ ਵੀ ਜਾਣਕਾਰੀ ਚੋਟੀ ਦੇ ਪੱਤਰਕਾਰਾਂ ਵੱਲੋਂ ਲਿਖੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ। ਪੰਜਾਬ ਦੇ ਪਾਣੀਆਂ ਤੇ ਹੋ ਰਹੀ ਸਿਆਸਤ ਅਤੇ ਜ਼ਮੀਨਦੋਜ਼ ਪਾਣੀ ਦਾ ਖ਼ਤਮ ਹੋਣ ਬਾਰੇ ਵੀ ਸੁਚੇਤ ਕੀਤਾ ਗਿਆ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਬੇਰੁਖੀ ਪੰਜਾਬ ਦੇ ਵਿਕਾਸ ਵਿੱਚ ਰੋੜਾ ਬਣ ਰਹੀ ਹੈ। 264 ਪੰਨਿਆਂ ਦੀ ਵੱੜਆਕਾਰੀ ਪੁਸਤਕ ਵਿੱਚ ਹਰ ਖੇਤਰ ਦੇ ਪਤਵੰਤੇ ਵਿਅਕਤੀਆਂ ਦੀਆਂ ਰੰਗਦਾਰ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਹੈਰਾਨੀ ਅਤੇ ਮਾਣ ਦੀ ਗੱਲ ਹੈ ਕਿ ਨਰਪਾਲ ਸਿੰਘ ਸ਼ੇਰਗਿੱਲ ਇਕੱਲਾ ਕਹਿਰਾ ਵਿਅਕਤੀ ਆਪਣੀ ਜੇਬ ਵਿੱਚੋਂ ਪੈਸੇ ਖ਼ਰਚ ਕੇ ਭਾਰਤੀਆਂ/ਪੰਜਾਬੀਆਂ ਦੇ ਹਿੱਤਾਂ ਦੀ ਰਖਵਾਲੀ ਕਰ ਰਿਹਾ ਹੈ। ਜਦੋਂ ਕਿ ਅਜਿਹੇ ਉਦਮ ਸਰਕਾਰਾਂ ਜਾਂ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ। ਉਹ ਇਹ ਪੁਸਤਕ ਹਰ ਸਾਲ ਪ੍ਰਕਾਸ਼ਤ ਕਰਦਾ ਹੈ। ਇਸ ਪੁਸਤਕ ਵਿੱਚ ਇਕ ਹੋਰ ਬਹੁਤ ਵਧੀਆ ਗੱਲ ਇਹ ਹੈ ਕਿ ਇਸ ਦੇ 60 ਪੰਨਿਆਂ ਵਿੱਚ ਪੰਜਾਬੀ ਦੇ ਲੇਖ ਹਨ, ਜਿਹੜੇ ਨਾਮਵਰ ਵਿਦਵਾਨਾਂ ਨੇ ਲਿਖੇ ਹਨ, ਜਿਨ੍ਹਾਂ ਲੇਖਾਂ ਵਿੱਚ ਪੰਜਾਬ ਦੀ ਵਿਰਾਸਤ, ਸਭਿਅਚਾਰ ਅਤੇ ਆਰਥਿਕ ਸਥਿਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਜਾਬ ਨੇ ਜਿਹੜੇ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ ਅਤੇ ਜਿਨ੍ਹਾਂ ਖੇਤਰਾਂ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੀ ਲੋੜ ਹੈ, ਉਨ੍ਹਾਂ ਬਾਰੇ ਵੀ ਵਿਸਤਾਰ ਨਾਲ ਲਿਖਿਆ ਗਿਆ ਹੈ ਤਾਂ ਜੋ ਪਰਵਾਸ ਵਿੱਚ ਵਸਦੇ ਭਾਰਤੀਆਂ/ਪੰਜਾਬੀਆਂ ਨੂੰ ਜਾਣਕਾਰੀ ਮਿਲ ਸਕੇ। ਜਿਹੜੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ ਉਨ੍ਹਾਂ ਵਿੱਚ ਪੱਤਰਕਾਰੀ ਦੇ ਅਥਾਹ ਜਜ਼ਬੇ ਦਾ ਵਗਦਾ ਦਰਿਆ, ਫੁੱਲਾਂ ਦੀ ਖੇਤੀ ਦੇ ਸ਼ਾਹ ਅਸਵਾਰ ਸ਼ੇਰਗਿੱਲ ਭਰਾ ਕਰਮਜੀਤ ਸਿੰਘ ਸ਼ੇਰਗਿੱਲ ਅਤੇ ਗੁਰਪ੍ਰੀਤ ਸਿੰਘ ਸ਼ੇਰਗਿੱਲ, ਪੰਜਾਬ ਦਾ ਸਟਰੌਬਰੀ ਕਿੰਗ-ਨਵਜੋਤ ਸਿੰਘ ਸ਼ੇਰਗਿੱਲ, ਮੇਵਿਆਂ ਦਾ ਬਾਦਸ਼ਾਹ-ਬਲਜੀਤ ਸਿੰਘ ਚੱਢਾ, ਸੌਗੀ ਦਾ ਬਾਦਸ਼ਾਹ-ਚਰਨਜੀਤ ਸਿੰਘ ਬਾਠ, ਬਦਾਮਾ ਦੇ ਬਾਦਸ਼ਾਹ -ਟੁੱਟ ਬਰਦਰਜ਼, ਰੰਗੋਂ ਬੇਰੰਗ ਹੋਇਆ ਪੰਜਾਬ, ਚੋਣਾਂ ਵਿੱਚ ਪਾਰਦਰਸ਼ਤਾ ਕਿਉਂ ਨਹੀਂ?, ਪੰਜਾਬ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ, ਸਿੱਖਾਂ ਦੇ ਪ੍ਰਵਾਸ ਨਾਲ ਇੰਝ ਹੋਇਆ, ਸਿੱਖੀ ਸਰੂਪ ਦੀ ਆਨ ਤੇ ਸ਼ਾਨ ਦਸਤਾਰ, ਸਿੱਖ ਵਿਰੋਧੀ ਨਸਲਵਾਦ, ਸ਼ੇਰਗਿੱਲ ਦੀ 54 ਸਾਲਾ ਸੰਸਾਰ ਯਾਤਰਾ ਆਦਿ ਹਨ। ਸਿੱਖਾਂ ਨੂੰ ਪਰਵਾਸ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਸਤਾਰ ਅਤੇ ਨਸਲਵਾਦ ਬਾਰੇ ਸ਼ੇਰਗਿੱਲ ਅਗਾਊਂ ਚੇਤੰਨ ਕਰਦਾ ਆ ਰਿਹਾ ਹੈ। ਨਰਪਾਲ ਸਿੰਘ ਸ਼ੇਰਗਿੱਲ 80 ਸਾਲ ਦੀ ਉਮਰ ਵਿੱਚ ਵੀ ਇਤਨਾ ਸਰਗਰਮ ਹੈ, ਜਿਤਨਾਂ ਨੌਜਵਾਨਾ ਲਈ ਵੀ ਅਸੰਭਵ ਹੁੰਦਾ ਹੈ। ਹੈਰਾਨੀ ਇਹ ਵੀ ਹੈ ਕਿ ਉਹ ਖੁਦ ਮੈਟਰ ਦੀ ਚੋਣ ਕਰਦਾ ਹੈ, ਖੁਦ ਹੀ ਇਸ ਦੀ ਤਰਤੀਵ ਬਣਾਉਂਦਾ ਹੈ, ਆਪ ਹੀ ਦਿੱਲੀ ਜਾ ਕੇ ਛਾਪਕ ਨੂੰ ਸਮਝਾ ਕੇ ਆਉਂਦਾ ਹੈ। ਫਿਰ ਇਤਨੇ 264 ਵਡਅਕਾਰੀ ਪੰਨਿਆਂ ਦੇ ਪ੍ਰੂਫ਼ ਵੀ ਆਪ ਹੀ ਪੜ੍ਹਦਾ ਹੈ। ਸੰਸਥਾਵਾਂ ਨੇ ਤਾਂ ਅਮਲਾ ਭਰਤੀ ਕੀਤਾ ਹੁੰਦਾ ਹੈ ਪ੍ਰੰਤੂ ਨਰਪਾਲ ਸਿੰਘ ਸ਼ੇਰਗਿੱਲ ਖੁਦ ਹੀ ਇਕ ਸੰਸਥਾ ਹੈ। ਉਹ ਲੇਖਕ ਹੋਣ ਦੇ ਨਾਲ ਸੰਪਾਦਕ, ਪ੍ਰਕਾਸ਼ਕ ਅਤੇ ਮਾਲਕ ਵੀ ਆਪ ਹੀ ਹੈ। ਉਹ ਪੰਜਾਬੀ ਅਤੇ ਅੰਗਰੇਜ਼ੀ ਦਾ ਮਾਹਿਰ ਵੀ ਹੈ, ਜਿਸ ਕਰਕੇ ਉਸ ਨੂੰ ਕੋਈ ਸਮੱਸਿਆ ਨਹੀਂ ਹੁੰਦੀ। ਸ਼ਾਲਾ ਪਰਮਾਤਮਾ ਉਸ ਦੀ ਉਮਰ ਲੰਬੀ ਕਰੇ ਅਤੇ ਤੰਦਰੁਸਤੀ ਬਖ਼ਸ਼ੇ ਤਾਂ ਜੋ ਉਹ ਭਾਰਤੀਆਂ/ਪੰਜਾਬੀਆਂ ਦੀ ਇਤਨੇ ਹੀ ਉਤਸ਼ਾਹ ਅਤੇ ਜੋਸ਼ ਨਾਲ ਸੇਵਾ ਕਰਦਾ ਰਹੇ।
ਉਜਾਗਰ ਸਿੰਘ

Leave a Reply

Your email address will not be published. Required fields are marked *