ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਵਿਦਰਭ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ ਇਕ ਪਾਰੀ ਤੇ 132 ਦੌੜਾਂ ਨਾਲ ਹਰਾ ਦਿੱਤਾ ਹੈ। ਮੈਚ ‘ਚ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਦੇ ਦੌਰਾਨ ਆਲਆਊਟ ਹੋ ਕੇ 177 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤ ਨੇ ਰੋਹਿਤ ਸ਼ਰਮਾ ਦੀਆਂ 120 ਦੌੜਾਂ, ਅਕਸ਼ਰ ਪਟੇਲ ਦੀਆਂ 84 ਦੌੜਾਂ, ਰਵਿੰਦਰ ਜਡੇਜਾ ਦੀਆਂ 70 ਦੌੜਾਂ ਦੀ ਬਦੌਲਤ 400 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਦੇ ਖਿਲਾਫ 233 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ।
ਆਪਣੀ ਦੂਜੀ ਪਾਰੀ ਦੇ ਦੌਰਾਨ ਆਸਟ੍ਰੇਲੀਆਈ ਟੀਮ ਮਹਿਜ਼ 91 ਦੌੜਾਂ ‘ਤੇ ਆਲ ਆਊਟ ਹੋ ਇਕ ਪਾਰੀ ਤੇ 132 ਦੌੜਾਂ ਨਾਲ ਮੈਚ ਹਾਰ ਗਈ। ਆਸਟ੍ਰੇਲੀਆ ਦੀ ਦੂਜੀ ਪਾਰੀ ਦੇ ਦੌਰਾਨ ਉਸ ਦਾ ਕੋਈ ਬੱਲੇਬਾਜ਼ ਕ੍ਰੀਜ਼ ‘ਤੇ ਟਿਕ ਕੇ ਖੇਡ ਨਹੀਂ ਸਕਿਆ। ਸਟੀਵ ਸਮਿਥ 24 ਦੌੜਾਂ, ਡੇਵਿਡ ਵਾਰਨਰ 10, ਐਲੇਕਸ ਕੇਰੀ 10 ਦੌੜਾਂ ਤੇ ਕਪਤਾਨ ਪੈਟ ਕਮਿੰਸ ਨੇ 1 ਦੌੜ ਬਣਾਈ। ਭਾਰਤ ਵਲੋਂ ਰਵੀਚੰਦਰਨ ਅਸ਼ਵਿਨ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਇਸ ਤੋਂ ਇਲਾਵਾ ਮੁਹੰਮਦ ਸ਼ੰਮੀ ਨੇ 2 ਤੇ ਰਵਿੰਦਰ ਜਡੇਜਾ ਨੇ 2 ਤੇ ਅਕਸ਼ਰ ਪਟੇਲ ਨੇ 1 ਵਿਕਟ ਲਈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫੀ ‘ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ।