ਨਵੀਂ ਦਿੱਲੀ- ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ ਕੀਤੇ ਗਏ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਰਾਹੀਂ ਭਾਰਤ ਨੇ ਭੂਚਾਲ ਰਾਹਤ ਸਮੱਗਰੀ ਦੀ ਪਹਿਲੀ ਖੇਪ ਤੁਰਕੀ ਰਵਾਨਾ ਕਰ ਦਿੱਤੀ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਸੀ ਕਿ ਰਾਹਤ ਸਮੱਗਰੀ ਨਾਲ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਅਤੇ ਮੈਡੀਕਲ ਦਲਾਂ ਨੂੰ ਤੁਰਕੀ ਗਣਰਾਜ ਦੀ ਸਰਕਾਰ ਦੇ ਇਕਜੁਟਤਾ ਨਾਲ ਤੁਰਕੀ ਭੇਜਿਆ ਜਾਵੇਗਾ। ਇਸ ‘ਚ ਐੱਨ.ਡੀ.ਆਰ.ਐੱਫ. ਦੇ ਵਿਸ਼ੇਸ਼ ਖੋਜ ਅਤੇ ਬਚਾਅ ਦਲ ਸ਼ਾਮਲ ਹਨ, ਜਿਸ ‘ਚ ਪੁਰਸ਼ ਅਤੇ ਮਹਿਲਾ ਕਰਮੀ, ਮੈਡੀਕਲ ਸਪਲਾਈ, ਉੱਨਤ ‘ਡ੍ਰਿਲਿੰਗ’ ਉਪਕਰਣ ਅਤੇ ਮਦਦ ਕੋਸ਼ਿਸ਼ਾਂ ਲਈ ਜ਼ਰੂਰੀ ਹੋਰ ਮਹੱਤਵਪੂਰਨ ਉਪਕਰਣ ਸ਼ਾਮਲ ਹਨ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ,”ਭਾਰਤ ਦੀ ਮਨੁੱਖੀ ਮਦਦ ਅਤੇ ਆਫ਼ਤ ਰਾਹਤ (ਐੱਚ.ਏ.ਡੀ.ਆਰ.) ਤਿਆਰ ਹੈ। ਐੱਨ.ਡੀ.ਆਰ.ਐੱਫ. ਦਾ ਖੋਜ ਅਤੇ ਬਚਾਅ ਦਲ, ਮੈਡੀਕਲ ਸਪਲਾਈ, ‘ਡ੍ਰਿਲਿੰਗ’ ਮਸ਼ੀਨ ਅਤੇ ਹੋਰ ਜ਼ਰੂਰੀ ਉਪਕਰਣਾਂ ਦੇ ਨਾਲ ਭੂਚਾਲ ਰਾਹਤ ਸਮੱਗਰੀ ਦੀ ਪਹਿਲੀ ਖੇਪ ਤੁਰਕੀ ਲਈ ਰਵਾਨਾ।” ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਗ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਸੀ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਓਣ ਦੀ ਕਾਮਨਾ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ,”ਤੁਰਕੀ ‘ਚ ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਤੋਂ ਦੁਖ਼ੀ ਹਾਂ। ਸੋਗ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ। ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।” ਭਾਰਤ ‘ਚ ਤੁਰਕੀ ਦੇ ਰਾਜਦੂਤ ਫ਼ਿਰਾਤ ਸੁਨੇਲ ਨੇ ਭਾਰਤ ਸਰਕਾਰ ਦੀ ਮਦਦ ਦੀ ਪੇਸ਼ਕਸ਼ ਲਈ ਆਭਾਰ ਜ਼ਾਹਰ ਕੀਤਾ ਅਤੇ ਕਿਹਾ ਕਿ ਲੋੜ ਦੇ ਸਮੇਂ ਕੰਮ ਆਉਣ ਦੋਸਤ ਹੀ ਸੱਚਾ ਦੋਸਤ ਹੁੰਦਾ ਹੈ।