ਖਰੜ- ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਪੰਜਵੀਂ, ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੀਆਂ ਪ੍ਰੀ- ਬੋਰਡ ਪ੍ਰੀਖਿਆਵਾਂ 20 ਜਨਵਰੀ ਤੋਂ ਸ਼ੁਰੂ ਕੀਤੀਆਂ ਗਈਆਂ ਹਨ। 30 ਜਨਵਰੀ ਭਾਵ ਅੱਜ ਤੋਂ ਪੰਜਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ, ਜਿਸ ਸਬੰਧੀ ਵਿਭਾਗ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਹਿਦਾਇਤਾਂ ਮੁਤਾਬਕ ਪੇਪਰਾਂ ਦੀ ਰੋਜ਼ਾਨਾ ਚੈੱਕਿੰਗ, ਐਵਾਰਡ ਲਿਸਟਾਂ ਤਿਆਰ ਕਰਨਾ, ਪੇਪਰ ਤੋਂ ਬਾਅਦ ਬੱਚਿਆਂ ਨੂੰ ਅਗਲੇ ਦਿਨ ਦੇ ਪੇਪਰ ਲਈ ਸਿਲੇਬਸ ਦੀ ਤਿਆਰੀ , ਵਿਭਾਗ ਦੀ ਸਾਈਟ ’ਤੇ ਬੱਚਿਆਂ ਦੇ ਅੰਕ ਰੋਜ਼ਾਨਾ ਅਪਡੇਟ , ਸੈਂਟਰ ਇੰਚਾਰਜ ਵਲੋਂ ਆਪਣੇ ਕਲੱਸਟਰ ਦੇ ਹਰੇਕ ਸਕੂਲ ਵਿਚ ਵਿਜ਼ਿਟ ਅਤੇ ਗੂਗਲ ਫਾਰਮ ਨੂੰ ਰੋਜ਼ਾਨਾ ਭਰਨ ਦੇ ਹੁਕਮ ਦਿੱਤੇ ਹਨ।
ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਪਰੋਕਤ ਹਦਾਇਤਾਂ ਪੂਰੀਆਂ ਕਰਨ ਤੋਂ ਬਾਅਦ ਇਕ ਅਧਿਆਪਕ ਕੋਲ ਬੱਚਿਆਂ ਨੂੰ ਪੜ੍ਹਾਉਣ ਲਈ ਕਿਹੜਾ ਸਮਾਂ ਬਚੇਗਾ? ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਵਿਭਾਗ ਦੇ ਹੁਕਮਾਂ ’ਤੇ ਅਧਿਆਪਕਾਂ ਵਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰੀਖਿਆਵਾਂ ਲਈਆਂ ਜਾਂਦੀਆਂ ਹਨ। ਵਿਭਾਗ ਵਲੋਂ ਸਿਵਾਏ ਹਦਾਇਤਾਂ ਦੇ ਕੁਝ ਨਹੀਂ ਦਿੱਤਾ ਜਾਂਦਾ। ਅਧਿਆਪਕ ਆਪਣੇ ਪੱਲਿਓਂ ਬਹੁਤ ਸਾਰਾ ਪੈਸਾ ਖ਼ਰਚ ਕਰ ਕੇ ਬੱਚਿਆਂ ਦੀਆਂ ਪ੍ਰੀਖਿਆਵਾਂ ਲੈ ਰਿਹਾ ਹੈ ਅਤੇ ਵਿਭਾਗ ਹਮੇਸ਼ਾ ਦੀ ਤਰ੍ਹਾਂ ‘ਥੁੱਕ ਨਾਲ ਵੜੇ ਪਕਾਉਣ’ ਲੱਗਾ ਹੋਇਆ ਹੈ ।
ਕਈ ਅਧਿਆਪਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸ਼ੋਸ਼ੇਬਾਜ਼ੀ ਵਾਲੀਆਂ ਬੇਲੋੜੀਆਂ ਪ੍ਰੀਖਿਆਵਾਂ ਬੱਚਿਆਂ ਅਤੇ ਅਧਿਆਪਕਾਂ ਦਾ ਸਮਾਂ ਬਰਬਾਦ ਕਰ ਰਹੀਆਂ ਹਨ। ਹੁਣ ਇਸ ਸਮੇਂ ਅਧਿਆਪਕਾਂ ਨੂੰ ਆਪਣੇ ਹਿਸਾਬ ਨਾਲ ਪੜ੍ਹਾਉਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ, ਤਾਂ ਕਿ ਹਰ ਇਕ ਬੱਚੇ ਦੀ ਕਮਜ਼ੋਰੀ ਦੂਰ ਕੀਤੀ ਜਾ ਸਕੇ ।