ਚੰਡੀਗੜ੍ਹ ‘ਚ CM ਮਾਨ ਨੇ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਵਿਰੋਧੀਆਂ ‘ਤੇ ਵੀ ਕੱਸਿਆ ਤੰਜ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੇਂ ਨਿਯੁਕਤ 188 ਉਮੀਦਵਾਰਾਂ ਨੂੰ ਵਧਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗਾਰੰਟੀ ਦਿੱਤੀ ਸੀ ਅਤੇ ਹੁਣ ਸਾਰੀਆਂ ਗਾਰੰਟੀਆਂ ਪੂਰੀਆਂ ਹੋ ਰਹੀਆਂ ਹਨ। ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ‘ਚੋਂ ਕੱਢੇ, ਛੱਡੇ ਜਾਂ ਭੱਜੇ ਹੋਏ ਲੀਡਰ ਨੇ ਨਹੀਂ ਬਣਾਈ ਅਤੇ ਇਹ ਪਾਰਟੀ ਐਂਟੀ ਕਰੱਪਸ਼ਨ ਅੰਦੋਲਨ ‘ਚੋਂ ਨਿਕਲੀ ਹੈ ਅਤੇ ਸਾਡੇ ਲੀਡਰ ਗਰੀਬੀ ਨੂੰ ਬਿਲਕੁਲ ਥੱਲਿਓਂ ਜਾਣਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਹੋਰ ਵਿਭਾਗਾਂ ਦੀਆਂ ਵੀ ਅਸਾਮੀਆਂ ਨਿਕਲ ਰਹੀਆਂ ਹਨ।
ਨਵੇਂ ਨਿਯੁਕਤੀ ਉਮੀਦਵਾਰਾਂ ਨੇ ਪੰਜਾਬ ਦਾ ਨਿਰਮਾਣ ਕਰਨਾ ਹੈ। ਇਨ੍ਹਾਂ ਦੀ ਹੀ ਬਣਾਈ ਹੋਈ ਸੜਕ ‘ਤੇ ਜਦੋਂ ਰੇਹੜੇ ਤੋਂ ਲੈ ਕੇ 18 ਟਾਇਰਾਂ ਵਾਲੇ ਟਰੱਕ ਚੱਲਣਗੇ ਤਾਂ ਪੰਜਾਬ ਦਾ ਨਿਰਮਾਣ ਹੋਵੇਗਾ। ਮੁਹੱਲਾ ਕਲੀਨਿਕਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੀਤੇ ਮਹੀਨਿਆਂ ਦੌਰਾਨ 10 ਲੱਖ ਲੋਕਾਂ ਨੇ ਇਨ੍ਹਾਂ ਕਲੀਨਿਕਾਂ ‘ਚੋਂ ਇਲਾਜ ਕਰਵਾਇਆ ਹੈ ਅਤੇ ਠੀਕ ਹੋ ਕੇ ਘਰਾਂ ਨੂੰ ਗਏ ਹਨ। ਇਨ੍ਹਾਂ ਮੁੱਹਲਾ ਕਲੀਨਿਕਾਂ ਨਾਲ ਸਾਡੇ ਸਾਹਮਣੇ ਇਕ ਨਕਸ਼ਾ ਆ ਜਾਵੇਗਾ ਕਿ ਪੰਜਾਬ ‘ਚ ਕਿਹੜੀ ਬੀਮਾਰੀ ਸਭ ਤੋਂ ਜ਼ਿਆਦਾ ਹੈ ਅਤੇ ਇਸ ਦਾ ਸਾਡੇ ਕੋਲ ਰਿਕਾਰਡ ਹੋਵੇਗਾ। ਸਾਰੇ ਮੁਹੱਲਾ ਕਲੀਨਿਕ ਪੇਪਰਲੈੱਸ ਹਨ, ਜਿਸ ਕਾਰਨ ਮਰੀਜ਼ਾ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ।

ਵਿਰੋਧੀਆਂ ‘ਤੇ ਤੰਜ ਕੱਸਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਕਸਰ ਵਿਰੋਧੀ ਕਹਿੰਦੇ ਹਨ ਕਿ ਬਾਦਲਾਂ ਸਰਕਾਰ ਦੇ ਵੇਲੇ ਦੀਆਂ ਡਿਸਪੈਂਸਰੀਆਂ ‘ਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਤਾਂ ਇਨ੍ਹਾਂ ਡਿਸਪੈਂਸਰੀਆਂ ਦੀ ਰਜਿਸਟਰੀ ਕਿਹੜਾ ਬਾਦਲ ਸਾਹਿਬ ਦੇ ਨਾਂ ‘ਤੇ ਹੈ। ਇਹ ਇਕ ਪਬਲਿਕ ਪ੍ਰਾਪਰਟੀ ਹੈ ਅਤੇ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ। ਇਸ ਸਮੇਂ ਕਿਸੇ ਪਿੰਡ ‘ਚ ਡਿਸਪੈਂਸਰੀ ਨਹੀਂ ਚੱਲ ਰਹੀ ਅਤੇ ਅਸੀਂ ਉਨ੍ਹਾਂ ਖੰਡਰ ਪਈਆਂ ਇਮਾਰਤਾਂ ਨੂੰ ਚਲਾਉਣਾ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਵਿਰੋਧੀਆਂ ਦੀ ਬਿਲਕੁਲ ਪਰਵਾਹ ਨਹੀਂ ਕਰਦਾ ਹੈ ਅਤੇ ਪੰਜਾਬ ਦੇ ਲੋਕਾਂ ਨੇ ਜਿਹੜਾ ਪਿਆਰ ਮੈਨੂੰ ਦਿੱਤਾ ਹੈ, ਉਸ ‘ਤੇ ਮੈਨੂੰ ਮਾਣ ਹੈ। ਪੰਜਾਬ ਤਰੱਕੀ ਦੇ ਰਾਹ ‘ਤੇ ਹੈ, ਇੰਡਸਟਰੀ ਆ ਰਹੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਬਹੁਤ ਸਾਰੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਨੌਜਵਾਨ ਮੁੰਡੇ-ਕੁੜੀਆਂ ਨੂੰ ਇੱਥੇ ਹੀ ਕੰਮ ਮਿਲੇਗਾ।

Leave a Reply

Your email address will not be published. Required fields are marked *