ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮੂਹ ਭਾਰਤ ਅਤੇ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਹਾੜੇ ਅਤੇ ਬਸੰਤ ਪੰਚਮੀ ਦੀ ਵਧਾਈ ਦਿੱਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਦੁਨੀਆ ਦੇ ਵੱਡੇ ਲੋਕਤੰਤਰਾਂ ‘ਚ ਸਾਡਾ ਭਾਰਤ ਸ਼ੁਮਾਰ ਹੈ। ਉਨ੍ਹਾਂ ਨੇ ਅੱਜ ਪੂਰੇ ਭਾਰਤ ਵਾਸੀਆਂ ਨੂੰ 74ਵੇਂ ਗਣਤੰਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਦੇਸ਼ ਦੇ ਹਰ ਬਾਸ਼ਿੰਦੇ ਦੇ ਹੱਕਾਂ ਦੀ ਰਾਖੀ ਕਰਦਾ ਹੈ। ਪਰਮਾਤਮਾ ਕਰੇ ਕਿ ਸੰਵਿਧਾਨ ਦੀ ਮਰਿਆਦਾ ਇਸੇ ਤਰ੍ਹਾਂ ਕਾਇਮ ਰਹੇ ਅਤੇ ਦੇਸ਼ ਦਾ ਹਰ ਨਾਗਰਿਕ ਇੱਜ਼ਤ-ਮਾਣ ਨਾਲ ਆਪਣਾ ਜੀਵਨ ਬਤੀਤ ਕਰੇ।
ਮੁੱਖ ਮੰਤਰੀ ਨੇ ਬਸੰਤ ਪੰਚਮੀ ਦੀ ਵਧਾਈ ਦਿੰਦੇ ਹੋਏ ਸੁਨੇਹਾ ਦਿੱਤਾ ਹੈ ਕਿ ਮਾਪੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਣ ਤੋਂ ਵਰਜਣ ਅਤੇ ਧਾਗੇ ਵਾਲੀਆਂ ਡੋਰਾਂ ਨਾਲ ਹੀ ਪਤੰਗ ਉਡਾਏ ਜਾਣ। ਉਨ੍ਹਾਂ ਕਿਹਾ ਕਿ ਲੋਕ ਚਾਈਨਾ ਡੋਰ ਖ਼ਿਲਾਫ਼ ਪ੍ਰਸ਼ਾਸਨ ਦਾ ਸਾਥ ਦੇਣ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਪਾਂ ਖ਼ੁਸ਼ੀਆਂ ਵੰਡਣੀਆਂ ਤੇ ਵਧਾਉਣੀਆਂ ਹਨ ਨਾ ਕਿ ਕਿਸੇ ਦੀ ਖ਼ੁਸ਼ੀ ਘਟਾਉਣੀ ਹੈ।