ਨਵੀਂ ਦਿੱਲੀ, ਗਣਤੰਤਰ ਦਿਵਸ ’ਤੇ ਦਿੱਲੀ ਅਤੇ ਪੰਜਾਬ ਸਮੇਤ ਦੇਸ਼ ਦੇ ਕਈ ਸ਼ਹਿਰਾਂ ’ਚ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਆਈਬੀ ਨੇ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਆਈਐੱਸਆਈ ਅਤੇ ਇਸਲਾਮਿਕ ਸਟੇਟ ਅਲ ਕਾਇਦਾ ਇਹ ਹਮਲਾ ਕਰਵਾ ਸਕਦਾ ਹੈ। 26 ਜਨਵਰੀ ਦੇ ਮੱਦੇਨਜ਼ਰ ਦਿੱਲੀ, ਪੰਜਾਬ ਅਤੇ ਦੇਸ਼ ਦੇ ਕਈ ਵੱਡੇ ਸ਼ਹਿਰਾਂ ’ਚ ਅੱਤਵਾਦੀ ਹਮਲੇ ਹੋ ਸਕਦੇ ਹਨ, ਜਿਸ ਲਈ ਆਈਐੱਸਆਈ ਨੇ ਅੰਡਰਵਰਲਡ ਡਾਨ ਦਾਊਦ ਇਰਬਾਹਿਮ ਦੇ ਕਾਰਕੁਨਾਂ ਦੀ ਮਦਦ ਲਈ ਹੈ।
ਸੁਰੱਖਿਆ ਏਜੰਸੀਆਂ ਨੂੰ ਇਸ ਸਬੰਧੀ ਗੁਪਤ ਰਿਪੋਰਟ ਮਿਲੀ ਹੈ। ਦੇਸ਼ ’ਚ ਹੋਣ ਵਾਲੇ ਜੀ 22 ਸੰਮੇਲਨ ’ਤੇ ਵੀ ਇਸਲਾਮਿਕ ਸਟੇਟ ਅਲਕਾਇਦਾ ਦਾ ਸਾਈਬਰ ਵਿੰਗ ਸਾਈਬਰਸਪੇਸ ’ਤੇ ਕਾਫੀ ਸਰਗਰਮ ਹੋ ਗਿਆ ਹੈ ਅਤੇ ਸੰਮੇਲਨ ਦੌਰਾਨ ਵੱਡੇ ਸਾਈਬਰ ਹਮਲੇ ਕਰਨ ਦੀ ਤਿਆਰੀ ’ਚ ਹੈ। ਆਈਐੱਸਆਈ ਆਪਣੇ ਸਲੀਪਰ ਸੈੱਲ ਅਤੇ ਰੋਹਿੰਗਿਆ ਦੀ ਵਰਤੋਂ ਕਰ ਸਕਦੀ ਹੈ। 26 ਜਨਵਰੀ ਵਾਲੇ ਦਿਨ ਦਿੱਲੀ ਅਤੇ ਪੰਜਾਬ ਵਿੱਚ ਆਰਡੀਐਕਸ ਧਮਾਕੇ ਕੀਤੇ ਜਾ ਸਕਦੇ ਹਨ। ਇੰਨਾ ਹੀ ਨਹੀਂ ਅਲਕਾਇਦਾ ਦੇ ਅੱਤਵਾਦੀ ਵੀ ਲੋਨ ਵੁਲਫ ਅਟੈਕ ਦੀ ਤਾਕ ’ਚ ਹਨ। ਯੋਜਨਾ ਮੁਤਾਬਿਕ ਜੇ 26 ਜਨਵਰੀ ਨੂੰ ਅੱਤਵਾਦੀ ਯੋਜਨਾ ਅਸਫਲ ਹੁੰਦੀ ਹੈ ਤਾਂ ਜੀ-20 ਸੰਮੇਲਨ ’ਚ ਦਿੱਲੀ ਵਿਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਹੈ।