ਕਪੂਰਥਲਾ : ਫਗਵਾੜਾ ਪੁਲਿਸ ਵਲੋਂ ਹਥਿਆਰ ਦਿਖਾ ਕੇ ਗੱਡੀ ਖੋਹਣ ਵਾਲੇ ਲੁਟੇਰਿਆਂ ਵਿਰੁੱਧ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਉਨ੍ਹਾਂ ਨੂੰ ਇਕ ਘੰਟੇ ਦੇ ਵਿਚ-ਵਿਚ ਗ੍ਰਿਫਤਾਰ ਕਰ ਲਿਆ ਗਿਆ। ਆਈ.ਜੀ ਜਲੰਧਰ ਰੇਂਜ ਜੀ.ਐਸ. ਸੰਧੂ, ਐਸ.ਐਸ.ਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਫਗਵਾੜਾ ਨੂੰ ਫੋਨ ਰਾਹੀਂ ਅਰਬਨ ਅਸਟੇਟ ਫਗਵਾੜਾ ਦੇ ਵਾਸੀ ਦੀ ਹੁੰਡਾਈ ਕਰੇਟਾ ਗੱਡੀ ਹਥਿਆਰਬੰਦ ਲੁਟੇਰਿਆਂ ਵਲੋਂ ਖੋਹੇ ਜਾਣ ਦੀ ਸੂਚਨਾ ਮਿਲੀ ਸੀ,ਜਿਸ ’ਤੇ ਫਗਵਾੜਾ ਸਿਟੀ ਪੁਲਿਸ ਵਲੋਂ ਤੁਰੰਤ ਕਾਰ ਦੀ ਭਾਲ ਵਿਚ ਇਕ ਪੁਲਿਸ ਟੀਮ ਲਗਾਈ ਗਈ।
ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਕਾਰ ਨੂੰ ਗੋਰਾਇਆ ਵੱਲ ਜਾਂਦੇ ਹੋਏ ਵੇਖਿਆ ਗਿਆ,ਜਿਸ ਤੇ ਐਸ.ਐਚ.ਓ ਅਮਨਦੀਪ ਨਾਹਰ ਅਤੇ ਦੋ ਪੁਲਿਸ ਜਵਾਨਾਂ ਵਲੋਂ ਕਾਰ ਦਾ ਪਿੱਛਾ ਕਰਕੇ ਉਸਨੂੰ ਰੋਕ ਲਿਆ ਗਿਆ ਅਤੇ ਕਾਰ ਸਵਾਰਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਕਾਰ ਸਵਾਰਾਂ ਵਲੋਂ ਤੁਰੰਤ ਪੁਲਿਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ ਗਈ,ਜਿਸ ਦੇ ਜਵਾਬ ਵਿਚ ਪੁਲਿਸ ਵਲੋਂ ਵੀ ਗੋਲੀਬਾਰੀ ਕੀਤੀ ਗਈ ਅਤੇ ਸੰਘਣੀ ਧੁੰਦ ਹੋਣ ਦੇ ਬਾਵਜੂਦ ਪੁਲਿਸ 3 ਦੋਸ਼ੀਆਂ ਨੂੰ ਕਾਬੂ ਕਰਨ ਵਿਚ ਕਾਮਯਾਬ ਰਹੀ।