ਪਣਜੀ- ਪਣਜੀ ਸਥਿਤ ਮਨੋਹਰ ਕੌਮਾਂਤਰੀ ਹਵਾਈ ਅੱਡੇ ‘ਤੇ ਵੀਰਵਾਰ ਨੂੰ ਸਵੇਰੇ ਪਹਿਲੀ ਯਾਤਰੀ ਉਡਾਣ ਉਤਰੀ। ਇਸ ਦੇ ਨਾਲ ਹੀ ਗੋਆ ਵਿਚ ਨਵੇਂ ਬਣੇ ਹਵਾਈ ਅੱਡੇ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਦੇ ਦੱਸਿਆ ਕਿ ਹੈਦਰਾਬਾਦ ਤੋਂ ਆਈ ਇੰਡੀਗੋ ਦੀ ਫਲਾਈਟ ਸਵੇਰੇ 9 ਵਜੇ ਉੱਤਰੀ ਗੋਆ ਜ਼ਿਲ੍ਹੇ ਦੇ ਮੋਪਾ ਸਥਿਤ ਨਵੇਂ ਹਵਾਈ ਅੱਡੇ ‘ਤੇ ਉਤਰੀ। ਕੇਂਦਰੀ ਮੰਤਰੀ ਸ਼੍ਰੀਪਦ ਨਾਈਕ ਅਤੇ ਗੋਆ ਦੇ ਸੈਰ-ਸਪਾਟਾ ਮੰਤਰੀ ਰੋਹਨ ਖੌਂਟੇ ਹਵਾਈ ਅੱਡੇ ਟਰਮੀਨਲ ਇਮਾਰਤ ਵਿਚ ਯਾਤਰੀਆਂ ਦਾ ਸਵਾਗਤ ਕਰਨ ਲਈ ਮੌਜੂਦ ਸਨ। ਨਾਈਕ ਅਤੇ ਖੌਂਟੇ ਨੇ ਇੰਡੀਗੋ ਦੀ ਇਕ ਹੋਰ ਉਡਾਣ ਤੋਂ ਹੈਦਰਾਬਾਦ ਜਾ ਰਹੇ ਯਾਤਰੀਆਂ ਨੂੰ ਪ੍ਰਤੀਕਾਤਮਕ ਡਮੀ ਬੋਰਡਿੰਗ ਪਾਸ ਦਿੱਤੇ। ਇਸ ਹਵਾਈ ਅੱਡੇ ਤੋਂ ਜਾਣ ਵਾਲੀ ਇਹ ਪਹਿਲੀ ਉਡਾਣ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਦਸੰਬਰ 2022 ਨੂੰ ਨਵੇਂ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਸੀ। ਇਸ ਦੇ ਨਾਲ ਹੀ ਗੋਆ ‘ਚ ਦੋ ਕੌਮਾਂਤਰੀ ਹਵਾਈ ਅੱਡੇ ਹੋ ਗਏ ਹਨ। ਨਵਾਂ ਹਵਾਈ ਅੱਡਾ ਦੱਖਣੀ ਗੋਣਾ ਸਥਿਤ ਦਬੋਲਿਮ ਹਵਾਈ ਅੱਡੇ ਤੋਂ ਲਗਭਗ 50 ਕਿਲੋਮੀਟਰ ਦੂਰ ਹੈ, ਜੋ ਭਾਰਤੀ ਫ਼ੌਜ ਦੇ ਏਅਰ ਸਟੇਸ਼ਨ ਆਈ. ਐੱਨ. ਐੱਸ. ਹੰਸਾ ਵਿਚ ਹੈ। ਹਵਾਈ ਅੱਡੇ ਦਾ ਨਾਂ ਸਾਬਕਾ ਰੱਖਿਆ ਮੰਤਰੀ ਅਤੇ ਗੋਆ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਮਨੋਹਰ ਪਾਰੀਕਰ ਦੇ ਨਾਂ ‘ਤੇ ਰੱਖਿਆ ਗਿਆ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਮੋਪਾ ਹਵਾਈ ਅੱਡੇ ਦਾ ਪਹਿਲਾ ਪੜਾਅ 2,870 ਕਰੋੜ ਰੁਪਏ ਵਿਚ ਤਿਆਰ ਹੋਇਆ ਹੈ ਅਤੇ ਹਰ ਸਾਲ ਲਗਭਗ 44 ਲੱਖ ਲੋਕ ਯਾਤਰਾ ਕਰਨਗੇ। ਇਹ ਹਵਾਈ ਅੱਡਾ ਟਿਕਾਊ ਬੁਨਿਆਂਦੀ ਢਾਂਚੇ ਦੀ ਥੀਮ ‘ਤੇ ਬਣਾਇਆ ਗਿਆ ਹੈ। ਇਸ ਵਿਚ ਸੌਰ ਊਰਜਾ, ਹਰਿਤ ਇਮਾਰਤਾਂ, ਰਨਵੇਅ ‘ਤੇ ਐੱਲ. ਈ. ਡੀ. ਲਾਈਟਾਂ, ਮੀਂਹ ਦੇ ਪਾਣੀ ਦੀ ਸੰਭਾਲ ਦੀ ਸਹੂਲਤ, ਰੀਸਾਈਕਲਿੰਗ ਸਹੂਲਤ ਦੇ ਨਾਲ ਹੀ ਅਤਿ-ਆਧੁਨਿਕ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਹੋਰ ਸਹੂਲਤਾਂ ਵੀ ਮੌਜੂਦ ਹਨ।