ਨਵੀਂ ਦਿੱਲੀ- ਪਹਾੜੀ ਇਲਾਕਿਆਂ ‘ਤੇ ਹੋ ਰਹੀ ਬਰਫ਼ਬਾਰੀ ਕਾਰਨ ਮੰਗਲਵਾਰ ਨੂੰ ਉੱਤਰ ਭਾਰਤ ਸਮੇਤ ਦਿੱਲੀ-ਐੱਨ. ਸੀ. ਆਰ. ਵਿਚ ਧੁੰਦ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਦਿੱਲੀ ਵਿਚ ਸਵੇਰੇ ਸੰਘਣੀ ਧੁੰਦ ਵੇਖੀ ਗਈ। ਧੁੰਦ ਕਾਰਨ ਵਿਜ਼ੀਬਿਲਟੀ ਦਾ ਪੱਧਰ ਘੱਟ ਰਿਹਾ ਹੈ, ਜਿਸ ਕਾਰਨ ਸੜਕਾਂ ‘ਤੇ ਵਾਹਨਾਂ ਦੀ ਰਫ਼ਤਾਰ ਮੱਠੀ ਰਹੀ। ਮੌਸਮ ਵਿਭਾਗ ਮੁਤਾਬਕ ਸਵੇਰੇ 8.30 ਵਜੇ ਦਿੱਲੀ ‘ਚ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦਿੱਲੀ, ਪੰਜਾਬ, ਹਰਿਆਣਾ ਵਿਚ ਅਗਲੇ 48 ਘੰਟਿਆਂ ‘ਚ ਸੰਘਣੀ ਧੁੰਦ ਅਤੇ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਦਾ ਅਤੇ ਹੋਰ ਕੁਝ ਖੇਤਰਾਂ ਵਿਚ ਮੀਂਹ ਪੈਣ ਦਾ ਅਨੁਮਾਨ ਜ਼ਾਹਰ ਕੀਤਾ ਹੈ।
ਬੀਤੇ ਕੁਝ ਦਿਨਾਂ ਤੋਂ ਪਹਾੜਾਂ ‘ਤੇ ਵੱਡਾ ਬਦਲਾਅ ਵੇਖਿਆ ਜਾ ਰਿਹਾ ਹੈ। ਕਸ਼ਮੀਰ ‘ਚ ਭਾਰੀ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਤਾਪਮਾਨ ‘ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਕਸ਼ਮੀਰ ਦੇ ਪਹਿਲਗਾਮ ਦੀਆਂ ਸੜਕਾਂ ਬਰਫ਼ ਦੀ ਸਫੈਦ ਚਾਦਰ ਨਾਲ ਢਕੀਆਂ ਹੋਈਆਂ ਹਨ। ਮੌਸਮ ਵਿਭਾਗ ਮੁਤਾਬਕ ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ‘ਚ ਆਉਣ ਵਾਲੇ 3 ਦਿਨਾਂ ਤੱਕ ਸੀਤ ਲਹਿਰ ਚਲ ਸਕਦੀ ਹੈ।