ਓਨਟਾਰੀਓ- ਕੈਨੇਡਾ ਦੇ ਓਨਟਾਰੀਓ ਵਿਚ ਪਿਛਲੇ 24 ਘੰਟਿਆਂ ਤੋਂ ਜਾਰੀ ਬਰਫ਼ੀਲੇ ਤੂਫ਼ਾਨ ਕਾਰਨ 100 ਤੋਂ ਵੱਧ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਨੇ ਕਿਹਾ ਕਿ ਲੰਡਨ ਅਤੇ ਟਿਲਬਰੀ ਦੇ ਵਿਚਕਾਰ ਹਾਈਵੇਅ 401 ‘ਤੇ ਵਾਪਰੇ ਹਾਦਸਿਆਂ ਵਿਚ 100 ਤੋਂ ਵੱਧ ਵਾਹਨ ਸ਼ਾਮਲ ਹਨ। ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਸੜਕਾਂ ਤੋਂ ਦੂਰ ਰਹੋ। OPP ਸਾਰਜੈਂਟ ਕੈਰੀ ਸਮਿੱਟ ਨੇ ਟਵਿੱਟਰ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ, “ਕਿਰਪਾ ਕਰਕੇ, ਜੇ ਤੁਹਾਨੂੰ ਸੜਕਾਂ ‘ਤੇ ਜਾਣ ਦੀ ਜ਼ਰੂਰਤ ਨਹੀਂ ਹੈ, ਤਾਂ ਘਰਾਂ ਵਿਚ ਹੀ ਰਹੋ।’
ਲੰਡਨ ਅਤੇ ਟਿਲਬਰੀ ਵਿਚਕਾਰ ਹਾਈਵੇਅ 401 ਅਤੇ ਲੰਡਨ ਅਤੇ ਸਾਰਨੀਆ ਵਿਚਕਾਰ ਹਾਈਵੇਅ 402 ਸ਼ੁੱਕਰਵਾਰ ਨੂੰ ਦੋਵੇਂ ਦਿਸ਼ਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਨਾਲ ਬਰਫੀਲੇ ਤੂਫ਼ਾਨ ਕਾਰਨ ਵਾਪਰੇ ਹਾਦਸਿਆਂ ਵਿਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਹਾਲਾਂਕਿ 2 ਵਿਅਕਤੀਆਂ ਨੂੰ ਗੈਰ-ਜਾਨਲੇਵਾ ਖ਼ਤਰੇ ਵਾਲੀਆਂ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਐਤਵਾਰ ਸਵੇਰ ਤੱਕ 50 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ। ਵਾਤਾਵਰਣ ਕੈਨੇਡਾ ਦੇ ਮੌਸਮ ਵਿਗਿਆਨੀ ਮਿਚ ਮੈਰੀਡਿਥ ਨੇ ਕਿਹਾ, “ਅਸੀਂ ਹਰ ਪੰਜ ਜਾਂ 10 ਸਾਲਾਂ ਵਿੱਚ ਇਹਨਾਂ ਵਿੱਚੋਂ ਇੱਕ ਤੂਫਾਨ ਦੇਖ ਸਕਦੇ ਹਾਂ। ਮੈਂ ਪਿਛਲੇ 20 ਸਾਲਾਂ ਵਿੱਚ ਇਸ ਤਰ੍ਹਾਂ ਦੇ ਸਿਰਫ਼ 2 ਤੂਫ਼ਾਨ ਦੇਖੇ ਹਨ।