ਨਵੀਂ ਦਿੱਲੀ, 13 ਜਨਵਰੀ (ਬਿਊਰੋ)- ਅੱਜ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 125 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਸੂਚੀ ‘ਚ 40 ਫੀਸਦੀ ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਪ੍ਰਿਅੰਕਾ ਗਾਂਧੀ ਨੇ ਔਰਤਾਂ ਦੇ ਨਾਂ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸਾਰੀਆਂ ਔਰਤਾਂ ਸੰਘਰਸ਼ ਕਰਨ ਜਾ ਰਹੀਆਂ ਹਨ। ਵੱਡੀ ਗੱਲ ਇਹ ਹੈ ਕਿ ਕਾਂਗਰਸ ਨੇ ਉਨਾਓ ਬਲਾਤਕਾਰ ਪੀੜਤਾ ਦੀ ਮਾਂ ਆਸ਼ਾ ਦੇਵੀ ਨੂੰ ਵੀ ਟਿਕਟ ਦਿੱਤੀ ਹੈ।
125 ਉਮੀਦਵਾਰਾਂ ਦੀ ਸੂਚੀ ‘ਚੋਂ 50 ਔਰਤਾਂ
ਪ੍ਰੈੱਸ ਕਾਨਫਰੰਸ ‘ਚ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ 125 ਉਮੀਦਵਾਰਾਂ ਦੀ ਸੂਚੀ ‘ਚੋਂ 50 ਔਰਤਾਂ ਹਨ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਉਮੀਦਵਾਰ ਹੋਣ ਜੋ ਪੂਰੇ ਸੂਬੇ ਵਿਚ ਸੰਘਰਸ਼ ਕਰ ਰਹੇ ਹਨ ਅਤੇ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰ ਰਹੇ ਹਨ। ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਜ਼ਰੀਏ ਅਸੀਂ ਯੂਪੀ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇ ਸਕੀਏ। ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੀ ਪਤਨੀ ਲੁਈਸ ਖੁਰਸ਼ੀਦ ਨੂੰ ਵੀ ਟਿਕਟ ਦਿੱਤੀ ਹੈ।
ਨੋਇਡਾ ਤੋਂ ਪੰਖੁਰੀ ਪਾਠਕ
ਲਖਨਊ ਸੈਂਟਰਲ ਤੋਂ ਸਦਾਫ ਜ਼ਫਰ NRC ਵਿਰੋਧੀ ਅੰਦੋਲਨ ਲਈ ਜੇਲ੍ਹ ਗਈ ਸੀ।
ਰਾਮਪੁਰ ਖਾਸ ਤੋਂ ਅਰਾਧਨਾ ਮਿਸ਼ਰਾ (ਮੌਜੂਦਾ ਵਿਧਾਇਕ)
ਸੋਨਭੱਦਰ ਕਤਲੇਆਮ ਪੀੜਤਾਂ ਲਈ ਆਵਾਜ਼ ਉਠਾਉਣ ਵਾਲੇ ਨੇਤਾ ਨੂੰ ਉਂਭਾ ਤੋਂ ਟਿਕਟ
ਸ਼ਾਹਜਹਾਂਪੁਰ ਤੋਂ ਆਸ਼ਾ ਵਰਕਰ ਪੂਨਮ ਪਾਂਡੇ ਨੂੰ ਟਿਕਟ
ਹਸਤੀਨਾਪੁਰ ਤੋਂ ਅਰਚਨਾ ਗੌਤਮ
ਸਾਡੀ ਕੋਸ਼ਿਸ਼ ਮੁੱਦੇ ਨੂੰ ਕੇਂਦਰ ਤਕ ਪਹੁੰਚਾਉਣ ਦੀ ਹੈ- ਪ੍ਰਿਅੰਕਾ
ਪ੍ਰਿਅੰਕਾ ਨੇ ਕਿਹਾ, ”ਇਸ ਸੂਚੀ ‘ਚ ਕੁਝ ਮਹਿਲਾ ਪੱਤਰਕਾਰ ਵੀ ਹਨ। ਇਕ ਤਾਂ ਅਭਿਨੇਤਰੀ ਹੈ ਅਤੇ ਬਾਕੀ ਸੰਘਰਸ਼ਸ਼ੀਲ ਔਰਤਾਂ ਹਨ, ਜਿਨ੍ਹਾਂ ਨੇ ਕਾਂਗਰਸ ਵਿਚ ਰਹਿੰਦਿਆਂ ਕਈ ਸਾਲਾਂ ਤਕ ਸੰਘਰਸ਼ ਕੀਤਾ ਹੈ। ਅੱਜ ਯੂਪੀ ਵਿਚ ਤਾਨਾਸ਼ਾਹੀ ਸਰਕਾਰ ਹੈ। ਸਾਡੀ ਕੋਸ਼ਿਸ਼ ਮੁੱਦੇ ਨੂੰ ਕੇਂਦਰ ਵਿੱਚ ਲਿਆਉਣ ਦੀ ਹੈ।
ਨੇਤਾਵਾਂ ਦੇ ਕਾਂਗਰਸ ਛੱਡਣ ਦੇ ਸਵਾਲ ‘ਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਹਰ ਚੋਣ ‘ਚ ਹੁੰਦਾ ਹੈ। ਕੁਝ ਲੋਕ ਆਉਂਦੇ ਹਨ, ਕੁਝ ਲੋਕ ਜਾਂਦੇ ਹਨ। ਕੁਝ ਘਬਰਾ ਜਾਂਦੇ ਹਨ। ਸਾਡੇ ਸੰਘਰਸ਼ ਲਈ ਹਿੰਮਤ ਦੀ ਲੋੜ ਹੈ। ਦੁੱਖ ਹੁੰਦਾ ਹੈ ਜਦੋਂ ਕੋਈ ਛੱਡ ਜਾਂਦਾ ਹੈ।
ਯੂਪੀ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੀਆਂ 403 ਵਿਧਾਨ ਸਭਾ ਸੀਟਾਂ ਲਈ ਸੱਤ ਪੜਾਵਾਂ ਵਿਚ 10 ਫਰਵਰੀ ਤੋਂ ਵੋਟਿੰਗ ਸ਼ੁਰੂ ਹੋਵੇਗੀ। ਯੂਪੀ ਵਿਚ ਸੱਤ ਪੜਾਵਾਂ ਵਿਚ 10, 14, 20, 23, 27 ਤੇ 3 ਅਤੇ 7 ਮਾਰਚ ਨੂੰ ਵੋਟਾਂ ਪੈਣਗੀਆਂ। ਜਦਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਕੋਰੋਨਾ ਦੇ ਮੱਦੇਨਜ਼ਰ ਯੂਪੀ, ਪੰਜਾਬ, ਗੋਆ, ਮਨੀਪੁਰ ਤੇ ਉੱਤਰਾਖੰਡ ਵਿਚ ਵਿਧਾਨ ਸਭਾ ਚੋਣਾਂ ਲਈ 15 ਜਨਵਰੀ ਤਕ ਕਿਸੇ ਵੀ ਸਿਆਸੀ ਰੈਲੀ ਤੇ ਰੋਡ ਸ਼ੋਅ ਦੀ ਇਜਾਜ਼ਤ ਨਹੀਂ ਦਿੱਤੀ ਹੈ।