ਮੋਗਾ : ਜ਼ਿਲ੍ਹੇ ਦੇ ਇਕ ਜੀਵਨ ਬੀਮਾ ਏਜੰਟ ਦੇ ਆਧਾਰ ਕਾਰਡ ’ਚ ਛੇੜਛਾੜ ਕਰ ਕੇ ਠੱਗਾਂ ਨੇ ਲੁਧਿਆਣੇ ’ਚ ਉਸ ਦੇ ਨਾਂ ’ਤੇ ਫ਼ਰਜ਼ੀ ਕੰਪਨੀ ਖੋਲ੍ਹ ਲਈ। ਕੰਪਨੀ ਨੇ ਜੀਐੱਸਟੀ ਨੰਬਰ ’ਤੇ 25.72 ਕਰੋੜ ਰੁਪਏ ਦੀ ਖ਼ਰੀਦੋ-ਫਰੋਖ਼ਤ ਦਿਖਾ ਕੇ ਖਾਤੇ ’ਚ ਆਈ ਇਕ ਕਰੋੜ ਰੁਪਏ ਦੀ ਰਾਸ਼ੀ ਕਢਵਾ ਲਈ। ਏਜੰਟ ਨੂੰ ਇਸ ਦਾ ਪਤਾ ਦੋ ਸਾਲਾਂ ਬਾਅਦ ਆਮਦਨ ਕਰ ਵਿਭਾਗ ਦਾ ਨੋਟਿਸ ਮਿਲਣ ਤੋਂ ਬਾਅਦ ਲੱਗਾ। ਟਰਾਂਜੈਕਸ਼ਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਸਾਈਬਰ ਸੈੱਲ ਦੇ ਏਸੀਪੀ ਨੂੰ ਜਾਂਚ ਸੌਂਪ ਦਿੱਤੀ ਹੈ।
ਜ਼ਿਲ੍ਹੇ ਦੇ ਧਰਮਕੋਟ ਕਸਬੇ ਦੇ ਪਿੰਡ ਲੋਹਗੜ੍ਹ ਵਾਸੀ ਪ੍ਰਵੀਨ ਕੁਮਾਰ ਦੇ ਨਾਂ ’ਤੇ ਹੋਈ ਧੋਖਾਧੜੀ ਦੀ ਜਾਣਕਾਰੀ ਵੀਰਵਾਰ ਨੂੰ ਐਡਵੋਕੇਟ ਵਰਿੰਦਰ ਅਰੋੜਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੀੜਤ ਨੌਜਵਾਨ ਵਰਕ ਪਰਮਿਟ ’ਤੇ ਜੂਨ, 2022 ’ਚ ਟੋਰਾਂਟੋ (ਕੈਨੇਡਾ) ਜਾ ਚੁੱਕਾ ਹੈ। ਨੋਟਿਸ ਆਉਣ ਤੋਂ ਬਾਅਦ ਪੀੜਤ ਦੇ ਪਿਤਾ ਪਵਨ ਕੁਮਾਰ ਹੁਣ ਇਸ ਮਾਮਲੇ ’ਚ ਕਾਨੂੰਨੀ ਲੜਾਈ ਲੜ ਰਹੇ ਹਨ। ਫ਼ਰਜ਼ੀ ਕੰਪਨੀ ਬਣਾਉਣ ਵਾਲੇ ਠੱਗਾਂ ਨੇ ਲੁਧਿਆਣੇ ’ਚ ਹੀ ਕੈਪੀਟਲ ਸਮਾਲ ਫਾਈਨਾਂਸ ਬੈਂਕ ’ਚ ਖਾਤਾ ਖੋਲ੍ਹ ਕੇ ਟਰਾਂਜੈਕਸ਼ਨ ਕੀਤੀ। ਜੀਐੱਸਟੀ ਨੰਬਰ ਲਈ ਜਿਹੜੇ ਮੋਬਾਈਲ ਨੰਬਰ ਦਿੱਤੇ ਗਏ ਸਨ, ਉਹ ਸਾਰੇ ਬੰਦ ਹਨ। ਕੰਪਨੀ ਦਾ ਜਿਹੜਾ ਪਤਾ ਦੱਸਿਆ ਗਿਆ ਸੀ, ਉੱਥੇ ਕੋਈ ਕੰਪਨੀ ਨਹੀਂ ਹੈ। ਬੈਂਕ ’ਚ ਖਾਤਾ ਖੋਲ੍ਹੇ ਜਾਣ ਦੌਰਾਨ ਦਿੱਤੇ ਗਏ ਦਸਤਾਵੇਜ਼ਾਂ ’ਚ ਪ੍ਰਵੀਨ ਕੁਮਾਰ ਦੀ ਪਤਨੀ ਦਾ ਨਾਂ ਵੀ ਗ਼ਲਤ ਮਿਲਿਆ। ਪ੍ਰਵੀਨ ਕੁਮਾਰ ਦੇ ਦਸਤਖ਼ਤ ਵੀ ਜਾਅਲੀ ਨਿਕਲੇ।