ਚੰਡੀਗੜ੍ਹ –
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤਰਜੀਹੀ ਖੇਤਰ ਕਰਾਰ ਦਿੱਤੇ ਗਏ ਸਿੱਖਿਆ ਵਿਭਾਗ ਵਿੱਚ ਹੋਰ ਸੁਧਾਰ ਲਿਆਉਣ ਦੇ ਮਕਸਦ ਨਾਲ ਜ਼ਿਲ੍ਹਾ ਸਿੱਖਿਆ ਮੁਲਾਂਕਣ ਅਤੇ ਸੁਧਾਰ ਟੀਮਾਂ ਦੀ ਬਣਤਰ ਨੂੰ ਸੁਧਾਰਨ ਲਈ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹੁਕਮ ਦਿੱਤੇ ਗਏ ਹਨ।
ਬੈਂਸ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਸਥਿਤ ਸਾਰੇ ਸਕੂਲਾਂ ਦਾ ਸੁਧਾਰ ਕਰਨ ਲਈ ਮੁਲਾਂਕਣ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਸ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਬਿਹਤਰ ਬਣਾਉਣ ਦੇ ਮਕਸਦ ਨਾਲ ਹੁਣ ਹਰੇਕ ਜ਼ਿਲ੍ਹਾ ਇਸ ਟੀਮ ਲਈ ਇੱਕ ਦੀ ਥਾਂ ਤਿੰਨ ਮੈਂਬਰਾਂ ਦੇ ਨਾਵਾਂ ਦੀ ਤਜਵੀਜ਼ ਭੇਜੇਗਾ। ਇਸ ਤੋਂ ਇਲਾਵਾ ਇਸ ਕਮੇਟੀ ਦਾ ਇੰਚਾਰਜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਾਂ ਪ੍ਰਿੰਸੀਪਲ ਨੂੰ ਵੀ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਜ਼ਿਲ੍ਹਾ ਦਫ਼ਤਰ ਵੱਲੋਂ ਪ੍ਰਸਤਾਵ ਕੀਤੇ ਗਏ ਤਿੰਨ ਨਾਵਾਂ ਵਿੱਚੋਂ ਇੱਕ ਯੋਗ ਮੈਂਬਰ ਦੀ ਚੋਣ ਕੀਤੀ ਜਾਵੇਗੀ।
ਬੈਂਸ ਵੱਲੋਂ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਹਨਾਂ ਜ਼ਿਲ੍ਹਿਆਂ ਵਿੱਚ ਸਰਕਾਰੀ ਸਕੂਲਾਂ ਦੀ ਗਿਣਤੀ 1000 ਜਾਂ ਉਸ ਤੋਂ ਵੱਧ ਹੈ, ਉਹਨਾਂ ਸਕੂਲਾਂ ਵਿੱਚ 2 ਟੀਮਾਂ ਦਾ ਗਠਨ ਕੀਤਾ ਜਾਵੇ।