ਅੰਮ੍ਰਿਤਪਾਲ ਨੇ ਤਿਆਰ ਕਰ ਲਿਆ ਸੀ ਖ਼ਾਲਿਸਤਾਨ ਦਾ ਪਲਾਨ, ਛਪਣ ਲੱਗੀ ਸੀ ਕਰੰਸੀ, ਸੁਣੋ ਪੁਲਸ ਦਾ ਬਿਆਨ


ਖੰਨਾ – ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇਜਿੰਦਰ ਸਿੰਘ ਉਰਫ਼ ਗੋਰਖ਼ਾ ਬਾਬਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਸ ਵੱਲੋਂ ਵੱਡੇ ਖ਼ੁਲਾਸੇ ਕੀਤੇ ਗਏ ਹਨ। ਤੇਜਿੰਦਰ ਸਿੰਘ ਨੂੰ ਪਾਇਲ ਪੁਲਸ ਨੇ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਕੋਲੋਂ ਅਹਿਮ ਜਾਣਕਾਰੀ ਹਾਸਲ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਗੋਰਖ਼ਾ ਬਾਬਾ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਅੰਮ੍ਰਿਤਪਾਲ ਵੱਲੋਂ ਏ. ਕੇ. ਐੱਫ. ਨਾਂ ਦੀ ਫ਼ੌਜ ਤਿਆਰ ਕੀਤੀ ਗਈ ਸੀ। ਇਸ ‘ਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ, ਜੋ ਨਸ਼ਾ ਛੱਡਣਾ ਚਾਹੁੰਦੇ ਸਨ।

ਗੋਰਖ਼ਾ ਬਾਬਾ ਵੀ ਇਸ ਫ਼ੌਜ ‘ਚ ਸ਼ਾਮਲ ਸੀ। ਗੋਰਖ਼ਾ ਬਾਬਾ ਵੀ ਪਹਿਲਾਂ ਨਸ਼ੇ ਦਾ ਆਦੀ ਸੀ, ਜੋ ਨਸ਼ਾ ਛੁਡਾਊ ਕੇਂਦਰ ‘ਚ ਗਿਆ ਸੀ ਅਤੇ ਇੱਥੋਂ ਇਸ ਨੂੰ ਇਸ ਫ਼ੌਜ ‘ਚ ਸ਼ਾਮਲ ਕਰ ਲਿਆ ਗਿਆ। ਫ਼ੌਜ ‘ਚ ਸ਼ਾਮਲ ਵਿਅਕਤੀਆਂ ਨੂੰ ਪੁਲਸ ਦੀ ਤਰ੍ਹਾਂ ਬੈਲਟ ਨੰਬਰ ਵੀ ਦਿੱਤੇ ਗਏ ਸਨ ਅਤੇ ਅੰਮ੍ਰਿਤਪਾਲ ਉਨ੍ਹਾਂ ਨੂੰ ਤਨਖ਼ਾਹ ਵੀ ਆਪਣੇ ਕੋਲੋਂ ਦਿੰਦਾ ਸੀ। ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਖ਼ਾਲਿਸਤਾਨ ਦਾ ਗਠਨ ਕਰਨ ਲਈ ਹਥਿਆਰਬੰਦ ਸੰਘਰਸ਼ ਛੇੜਨ ਦੀ ਯੋਜਨਾ ਬਣਾਈ ਜਾ ਰਹੀ ਸੀ, ਜਿਸ ‘ਚ ਗੋਰਖ਼ਾ ਬਾਬਾ ਸਰਗਰਮ ਮੈਂਬਰ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੰਸੀ ਬਿੱਲ ਵੀ ਮਿਲੇ ਹਨ, ਜਿਨ੍ਹਾਂ ‘ਚ 10 ਡਾਲਰ ਦਾ ਖ਼ਾਲਿਸਤਾਨ ਦਾ ਨੋਟ ਬਰਾਮਦ ਹੋਇਆ ਸੀ।

ਐੱਸ. ਐੱਸ. ਪੀ. ਨੇ ਦੱਸਿਆ ਕਿ ਗੋਰਖ਼ਾ ਬਾਬਾ ਕੋਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਵਿਕਰਮਜੀਤ ਸਿੰਘ ਖ਼ਾਲਸਾ ਨਾਂ ਦੇ ਵਿਅਕਤੀ ਨੇ ਉਸ ਦਾ ਸੰਪਰਕ ਅੰਮ੍ਰਿਤਪਾਲ ਨਾਲ ਕਰਵਾਇਆ ਸੀ ਅਤੇ ਅੰਮ੍ਰਿਤਪਾਲ ਨੇ ਉਸ ਨੂੰ ਆਪਣੇ ਗੰਨਮੈਨ ਵੱਜੋਂ ਤਾਇਨਾਤ ਕੀਤਾ ਸੀ। ਇਨ੍ਹਾਂ ਨੂੰ ਏ. ਕੇ. ਐੱਫ. ਦੇ ਲੋਗੋ ਵਾਲੇ ਹਥਿਆਰ ਵੀ ਮੁਹੱਈਆ ਕਰਵਾਏ ਗਏ ਸਨ। ਗੋਰਖ਼ਾ ਬਾਬਾ ਅਜਨਾਲਾ ਕਾਂਡ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੋਰਖ਼ਾ ਬਾਬਾ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *