ਚੰਡੀਗੜ੍ਹ,5 ਅਕਤੂਬਰ (ਦਲਜੀਤ ਸਿੰਘ)- ਸ਼ਹਿਰ ਦੇ ਸੈਕਟਰ-16 ਗਾਂਧੀ ਭਵਨ ਵਿਖੇ ਲਖੀਮਪੁਰ ਹਿੰਸਾ ਦੇ ਮਾਮਲੇ ‘ਚ ਪੰਜਾਬ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਧਰਨੇ ‘ਚ ਸ਼ਾਮਲ ਹੋਣ ਲਈ ਪੁੱਜੇ ਹਨ। ਲਖੀਮਪੁਰ ਘਟਨਾ ਦੇ ਮ੍ਰਿਤਕ ਕਿਸਾਨਾਂ ਲਈ ਮੁੱਖ ਮੰਤਰੀ ਚੰਨੀ ਵੱਲੋਂ ਮੌਨ ਵਰਤ ਵੀ ਰੱਖਿਆ ਗਿਆ। ਮੁੱਖ ਮੰਤਰੀ ਸਮੇਤ ਮਨਪ੍ਰੀਤ ਬਾਦਲ ਅਤੇ ਹੋਰ ਵੀ ਕਈ ਕਾਂਗਰਸੀ ਆਗੂ ਧਰਨੇ ‘ਤੇ ਬੈਠੇ ਹੋਏ ਹਨ। ਕਾਂਗਰਸ ਵੱਲੋਂ ਸ਼ਾਂਤਮਾਈ ਢੰਗ ਨਾਲ ਲਖੀਮਪੁਰ ਘਟਨਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਘਟਨਾ ਨੇ ਜਲ੍ਹਿਆਂਵਾਲਾ ਬਾਗ ਕਾਂਡ ਦੀ ਯਾਦ ਦੁਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਇਹ ਸਭ ਕੁੱਝ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਨ ਕਿ ਦੇਸ਼ ਦੇ ਨੌਜਵਾਨ ਨੂੰ ਦੁਬਾਰਾ ਦੇਸ਼ ‘ਚ ਲੋਕਤੰਤਰ ਬਹਾਲ ਕਰਨ ਲਈ ਮਜਬੂਰ ਨਾ ਕਰੋ ਕਿ ਉਹ ਦੁਬਾਰਾ ਸ. ਭਗਤ ਸਿੰਘ ਵੱਲ ਦੇਖਣ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੀ ਆਵਾਜ਼ ਨੂੰ ਪਛਾਨਣ ਦੀ ਲੋੜ ਹੈ।