ਬੱਦੀ/ਚੰਡੀਗੜ੍ਹ –
ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਲਕੇ 6 ਨਵੰਬਰ ਨੂੰ ਬਹੁਜਨ ਸਮਾਜ ਪਾਰਟੀ ਦੀ ਮੁਖੀ ਭੈਣ ਮਾਇਆਵਤੀ ਵੱਲੋਂ ਕੀਤੀ ਜਾਣ ਵਾਲੀ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੱਦੀ ਦੇ ਬਰੋਟੀਵਾਲਾ ਵਿੱਚ ਕੀਤੀ ਜਾਣ ਵਾਲੀ ਰੈਲੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਬਸਪਾ ਆਗੂ ਰਣਧੀਰ ਸਿੰਘ ਬੈਨੀਵਾਲ, ਰਾਮ ਰਾਮ, ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤਾ।
ਇਸ ਮੌਕੇ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਭੈਣ ਮਾਇਆਵਤੀ ਦੇ ਇੱਥੇ ਪਹੁੰਚਣ ਨੂੰ ਲੈ ਕੇ ਬਸਪਾ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈਲੀ ਤੋਂ ਪਹਿਲਾਂ ਆਸ-ਪਾਸ ਦੇ ਖੇਤਰ ਨੂੰ ਪਾਰਟੀ ਦੇ ਝੰਡਿਆਂ ਅਤੇ ਬੈਨਰਾਂ ਨਾਲ ਰੰਗ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਤੇ ਹਿਮਾਚਲ ਦੇ ਪਾਰਟੀ ਇੰਚਾਰਜ ਅਤੇ ਸਾਬਕਾ ਰਾਜ ਸਭਾ ਮੈਂਬਰ ਰਾਜਾ ਰਾਮ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇਸ਼ ਨੂੰ ਅੱਗੇ ਵੱਲ ਲੈ ਕੇ ਜਾਣ ਵੀ ਬਜਾਏ ਪਿੱਛੇ ਵੱਲ ਲੈ ਕੇ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਧਰਮਾਂ, ਜਾਤਾ ਤੇ ਫਿਰਕਿਆਂ ਦੇ ਨਾਤੇ ਉਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਅਤੇ ਦਲਿਤਾਂ ਉਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਬਸਪਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਭਾਜਪਾ ਦੀਆਂ ਫਿਰਕੂ ਨੀਤੀਆਂ ਉਤੇ ਚੱਲਦੀ ਹੋਈ ਧਰਮਾਂ ਦੇ ਨਾਤੇ ਉਤੇ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਪਹਿਲਾਂ ਸੱਤਾ ਵਿੱਚ ਰਹਿੰਦੇ ਹੋਏ ਕਾਂਗਰਸ ਪਾਰਟੀ ਨੇ ਦੇਸ਼ ਦੀ ਸੰਪਤੀ ਨੂੰ ਲੁੱਟਣ ਤੋਂ ਸਵਾਏ ਹੋਰ ਕੰਮ ਨਹੀਂ ਕੀਤਾ। ਕਾਂਗਰਸ ਦੇ ਰਾਜ ਸਮੇਂ ਕੁਝ ਕੁ ਘਿਰਾਣਿਆਂ ਨੇ ਆਪਣੀ ਸੰਪਤੀ ਇਕੱਠੀ ਕੀਤੀ ਜਿੰਨਾਂ ਦੀ ਹੁਣ ਸੁਰੱਖਿਆ ਭਾਜਪਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕ ਹੋਰ ਦਿਨੋਂ ਦਿਨ ਕਰਜ਼ੇ ਦੀ ਮਾਰ ਹੇਠ ਦੱਬੇ ਜਾਂਦੇ ਰਹੇ ਹਨ। ਆਗੂਆਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਡਾ. ਭੀਮ ਰਾਓ ਅੰਬੇਡਕਾਰ ਸਾਹਿਬ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਬਚਾਉਣ ਲਈ ਹਰ ਪੱਧਰ ਉਤੇ ਟੱਕਰ ਦੇਣ ਲਈ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ। ਆਗੂਆਂ ਨੇ ਕਿਹਾ ਹਿਮਾਚਲ ਦੇ ਲੋਕ ਭਾਜਪਾ, ਕਾਂਗਰਸ ਨੂੰ ਦੇਖ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਆਢੀ ਸੂਬੇ ਪੰਜਾਬ ਵਿੱਚੋਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਤੇ ਕੁੱਟ ਤੋਂ ਭਲੀਭਾਂਤੀ ਜਾਣੂ ਹਨ। ਉਨ੍ਹਾਂ ਲੋਕਾਂ ਨੁੰ ਅਪੀਲ ਕੀਤੀ ਭਲਕੇ ਦੀ ਰੈਲੀ ਵਿੱਚ ਵੱਧ ਤੋਂ ਵੱਧ ਵੱਡੀ ਗਿਣਤੀ ਰੈਲੀ ਵਿੱਚ ਸ਼ਾਮਲ ਹੋਣ।
ਇਸ ਮੌਕੇ ਵਿਧਾਇਕ ਨਛੱਤਰਪਾਲ, ਸਮੇਧ ਯਾਦਵ, ਬਿਕਰਮ ਸਿੰਘ, ਸੁਰੇਸ਼ ਬੰਬੀ, ਜਗਜੀਤ ਸਿੰਘ, ਵਿਪਨ ਕੁਮਾਰ, ਅਵਤਾਰ ਸਿੰਘ ਕਰੀਮਪੁਰੀ ਆਦਿ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।