ਸੁਧੀਰ ਸੂਰੀ ਕਤਲ ਕਾਂਡ ਦੇ ਮੁਲਜ਼ਮ ਸੰਨੀ ਨੂੰ ਪੁਲਸ ਨੇ ਅਦਾਲਤ ’ਚ ਕੀਤਾ ਪੇਸ਼, ਮਿਲਿਆ 7 ਦਿਨ ਦਾ ਰਿਮਾਂਡ

ਅੰਮ੍ਰਿਤਸਰ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਕਾਂਡ ਵਿਚ ਗ੍ਰਿਫ਼ਤਾਰ ਕੀਤੇ ਗਏ ਸੰਦੀਪ ਸਿੰਘ ਉਰਫ ਸੰਨੀ ਨੂੰ ਅੱਜ ਪੁਲਸ ਨੇ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਮੁਲਜ਼ਮ ਸੰਨੀ ਨੂੰ 7 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਰਿਮਾਂਡ ਦੌਰਾਨ ਪੁਲਸ ਮੁਲਜ਼ਮ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ ਅਤੇ ਇਹ ਪਤਾ ਲਗਾਉਣਦੀ ਕੋਸ਼ਿਸ਼ ਕਰੇਗੀ ਕਿ ਆਖਿਰ ਇਸ ਕਤਲ ਕਾਂਡ ਪਿੱਛੇ ਹੋਰ ਕਿਹੜੀਆਂ ਤਾਕਤਾਂ ਦਾ ਹੱਥ ਹੈ ਅਤੇ ਮੁਲਜ਼ਮ ਨੇ ਕਿਸ ਦੇ ਕਹਿਣ ’ਤੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਵਲੋਂ ਇਸ ਕਤਲ ਕਾਂਡ ’ਤੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਲਗਾਤਾਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸੀਨੀਅਰ ਹਿੰਦੂ ਆਗੂ ਅਤੇ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਦਾ ਸ਼ੁੱਕਰਵਾਰ ਦੁਪਹਿਰ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਮੰਦਰ ਦੇ ਬਾਹਰ ਲੱਗੇ ਕੂੜੇ ਦੇ ਢੇਰ ਦੇ ਵਿਰੋਧ ’ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ’ਤੇ ਪੰਜ ਗੋਲੀਆਂ ਚਲਾਈਆਂ ਗਈਆਂ, ਜੋ ਉਨ੍ਹਾਂ ਦੇ ਸੱਜੇ ਪਾਸੇ ਛਾਤੀ ’ਤੇ ਲੱਗੀਆਂ। ਸੂਰੀ ਨੂੰ ਉਸ ਦੇ ਸਾਥੀਆਂ ਵੱਲੋਂ ਤੁਰੰਤ ਐਸਕਾਰਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁਝ ਦੇਰ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਿੰਦੂ ਨੇਤਾ ਸੂਰੀ ਦੀ ਦਰਦਨਾਕ ਮੌਤ ਤੋਂ ਬਾਅਦ ਪੂਰੇ ਸ਼ਹਿਰ ਵਿਚ ਸਨਸਨੀ ਫੈਲ ਗਈ ਅਤੇ ਹਿੰਦੂ ਨੇਤਾਵਾਂ ਵਿਚ ਭਾਰੀ ਰੋਸ ਹੈ।

ਹਿੰਦੂ ਆਗੂ ਸੁਧੀਰ ਸੂਰੀ ਦੇ ਇਕ ਸਾਥੀ ਨੇ ਦੱਸਿਆ ਕਿ ਜਦੋਂ ਉਹ ਸਾਰੇ ਧਰਨੇ ’ਤੇ ਬੈਠੇ ਸਨ ਤਾਂ ਉਕਤ ਮੁਲਜ਼ਮ ਕਰੀਬ ਇਕ ਘੰਟੇ ਤੱਕ ਉੱਥੇ ਘੁੰਮਦਾ ਦੇਖਿਆ ਗਿਆ। ਉਸ ਨੇ ਦੇਖਿਆ ਸੀ ਕਿ ਉਕਤ ਵਿਅਕਤੀ ਦੇ ਸੱਜੇ ਪਾਸੇ ਪੈਂਟ ਵਿਚ ਕੁਝ ਉਭਰਿਆ ਹੋਇਆ ਸੀ। ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਇੱਥੇ ਇੰਨਾ ਵੱਡਾ ਅਪਰਾਧ ਕਰ ਸਕਦਾ ਹੈ। ਉਸ ਨੇ ਦੱਸਿਆ ਕਿ ਕੁਝ ਲੋਕਾਂ ਤੋਂ ਪੁੱਛਣ ’ਤੇ ਪਤਾ ਲੱਗਾ ਕਿ ਇਹ ਨੇੜੇ ਦਾ ਦੁਕਾਨਦਾਰ ਹੈ। ਉਨ੍ਹਾਂ ਸੋਚਿਆ ਕਿ ਅੱਜ ਕੱਲ ਦੇ ਲੁੱਟ-ਖੋਹ ਦੇ ਮਾਹੌਲ ਨੂੰ ਮੱਦੇਨਜ਼ਰ ਦੁਕਾਨ ਆਪਣੇ ਕੋਲ ਸੁਰੱਖਿਆ ਲਈ ਕੁਝ ਹਥਿਆਰ ਵਗੈਰਾ ਰੱਖਦੇ ਹਨ ਤਾਂ ਅਜਿਹਾ ਹੀ ਹੋਵੇਗਾ, ਪਰੰਤੂ ਉਨ੍ਹਾਂ ਨੂੰ ਥੋੜਾ ਜਿਹਾ ਵੀ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਇਹ ਵਿਅਕਤੀ ਸਿੱਧਾ ਹੀ ਇੰਨ੍ਹੇ ਵੱਡੇ ਹਿੰਦੂ ਨੇਤਾ ਦਾ ਕਤਲ ਕਰਨ ਦਾ ਮੌਕਾ ਦੇਖ ਰਿਹਾ ਸੀ ਅਤੇ ਜਦੋਂ ਸਾਰੇ ਲੋਕ ਏ. ਸੀ. ਪੀ. ਨਾਰਥ ਖੋਸਾ ਨਾਲ ਗੱਲਬਾਤ ਕਰਨ ਲੱਗੇ ਅਤੇ ਉਨ੍ਹਾਂ ਦਾ ਧਿਆਨ ਅਧਿਕਾਰੀ ਵੱਲ ਸੀ ਤਾਂ ਮੁਲਜ਼ਮ ਨੇ ਉਸੇ ਸਮੇਂ ਕੁਝ ਹੀ ਦੂਰੀ ’ਤੇ ਪੰਜ ਫਾਇਰ ਕਰ ਦਿੱਤੇ।

Leave a Reply

Your email address will not be published. Required fields are marked *